Total views : 131856
ਦੀਨਾਨਗਰ/ਗੁਰਦਾਸਪੁਰ, 11 ਜਨਵਰੀ — ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਮੇਰਾ ਭਾਰਤ-ਵਿਕਸ਼ਿਤ ਭਾਰਤ ਵਿਸ਼ੇ ‘ਤੇ ਭਾਸ਼ਣ ਮੁਕਾਬਲੇ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ਵਿਖੇ ਕਰਵਾਏ ਗਏ। ਇਸ ਮੁਕਾਬਲੇ ਦਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਦੇ ਨੌਜਵਾਨਾਂ ਨੂੰ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਅਤੇ ਵਿਕਸਤ ਭਾਰਤ-2047 ਦੇ ਵਿਜ਼ਨ ਨੂੰ ਸਾਕਾਰ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ। ਮੁਕਾਬਲੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ – ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਭਾਰਤ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਤੇ ਆਪਣੇ ਵਿਚਾਰ ਜੱਜ ਸਾਹਿਬਾਨ ਅੱਗੇ ਰੱਖੇ। ਮੁਕਾਬਲੇ ਵਿੱਚ ਇਸ਼ਿਤਾ ਨੇ ਪਹਿਲਾ, ਰੁਪਾਲੀ ਨੇ ਦੂਸਰਾ ਅਤੇ ਰਾਜਵਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਨਹਿਰੂ ਯੁਵਾ ਕੇਂਦਰ, ਗੁਰਦਾਸਪੁਰ ਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਜੇਤੂ ਇਸ਼ਿਤਾ ਨੂੰ ਰਾਜ ਪੱਧਰੀ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ, ਜਿਸ ਵਿੱਚ ਰਾਜ ਪੱਧਰੀ ਪਹਿਲਾ ਇਨਾਮ- ਰੁਪਏ 1,00,000 (ਇੱਕ ਲੱਖ), ਦੂਜਾ ਇਨਾਮ- ਰੁਪਏ 50,000 (ਪੰਜਾਹ ਹਜ਼ਾਰ), 2 ਵਿਅਕਤੀਆਂ ਲਈ ਤੀਜਾ ਇਨਾਮ- ਰੁਪਏ 25,000 (ਪੰਝੀ ਹਜ਼ਾਰ) ਹਰੇਕ ਨੂੰ ਮਿਲੇਗਾ।
ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਨੇ ਪ੍ਰਿੰਸੀਪਲ ਡਾ.ਆਰ .ਕੇ. ਤੁਲੀ, ਡੀਨ ਪ੍ਰੋਫ਼ੈਸਰ ਪ੍ਰਬੋਧ ਗਰੋਵਰ, ਪ੍ਰੋਫ਼ੈਸਰ ਸੁਬੀਰ ਰਗਬੋਤਰਾ (ਹਿੰਦੀ ਵਿਭਾਗ), ਪ੍ਰੋਫ਼ੈਸਰ ਕੰਵਰਜੀਤ ਕੌਰ(ਹੈਡ, ਹਿੰਦੀ ਵਿਭਾਗ )ਅਤੇ ਜੱਜ ਸਾਹਿਬਾਨ ਪ੍ਰੋਫ਼ੈਸਰ ਜਸਬੀਰ ਸਿੰਘ (ਹੈਡ ਕੈਮੀਕਲ ਵਿਭਾਗ, ਸਰਕਾਰੀ ਪੋਲੀਟੈਕਨਿਕ ਕਾਲਜ, ਬਟਾਲਾ), ਮੈਡਮ ਸਮਿਤਾ ਖਜੂਰੀਆ (ਅਸਿਸਟੈਂਟ ਪ੍ਰੋਫ਼ੈਸਰ, ਇਕਨੋਮਿਕਸ, ਪੰਡਿਤ ਮੋਹਨ ਲਾਲ ਐਸ ਡੀ ਕਾਲਜ), ਮੈਡਮ ਆਰਤੀ (ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਐਸ. ਐਸ. ਐਮ. ਕਾਲਜ) ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ।
ਐਸ.ਐਸ.ਐਮ.ਕਾਲਜ ਦੇ ਪ੍ਰਿੰਸੀਪਲ ਡਾ.ਆਰ .ਕੇ. ਤੁਲੀ ਅਤੇ ਯੂਥ ਵੈਲਫੇਅਰ ਦੇ ਡੀਨ ਪ੍ਰੋਫ਼ੈਸਰ ਪ੍ਰਬੋਧ ਗਰੋਵਰ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਅੱਗੇ ਵੱਧਣ ਦਾ ਅਤੇ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ। ਪ੍ਰੋਗਰਾਮ ਵਿੱਚ ਮੈਡਮ ਮਨਪ੍ਰੀਤ ਕੌਰ, ਰੁਪਾਲੀ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਵੀ ਮੌਜੂਦ ਸਨ।