Total views : 131857
ਫਰੀਦਕੋਟ, 1 ਜਨਵਰੀ — ਜਿਲ੍ਹਾ ਸਿਹਤ ਵਿਭਾਗ ਫਰੀਦਕੋਟ ਵੱਲੋਂ ਯੂਥ ਅਫੇਅਰ ਆਰਗੇਨਾਈਜੇਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਦੇ ਉਦੇਸ਼ ਨਾਲ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪਹਿਲਕਦਮੀ ਕਰਦਿਆਂ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡੀ.ਏ.ਸੀ. ਕੰਪਲੈਕਸ ਫਰੀਦਕੋਟ ਤੋਂ ਲੈ ਕੇ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸਕੂਲ ਤੱਕ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡਾਈਟ) ਦੇ ਲੱਗਭਗ 100 ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਬੋਰਡ ਲੈ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਸਿਹਤ ਵਿਭਾਗ ਫਰੀਦਕੋਟ ਅਤੇ ਯੂਥ ਅਫੇਅਰ ਆਰਗੇਨਾਈਜੇਸ਼ਨ ਫਰੀਦਕੋਟ ਵੱਲੋਂ ਵੱਖ-ਵੱਖ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਬੋਰਡ ਤਿਆਰ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਹਰ ਹਫਤੇ ਸੰਸਥਾ ਦੇ ਵਲੰਟੀਅਰਾਂ, ਵਿਦਿਆਰਥੀਆਂ ਆਦਿ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਜਾਗਰੂਕਤਾ ਕੈਂਪ ਅਤੇ ਰੈਲੀਆਂ ਵੀ ਕੀਤੀਆਂ ਜਾਣਗੀਆਂ ।
ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਡਾ. ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫਸਰ ਅਤੇ ਡਾ. ਰਣਜੀਤ ਕੌਰ ਮਨੋਰੋਗ ਮਾਹਿਰ ਨੇ ਦੱਸਿਆ ਕਿ ਜਿਲ੍ਹੇ ਵਿੱਚ 2 ਸਰਕਾਰੀ ਨਸ਼ਾ ਛੁਡਾਊ ਕੇਂਦਰ ਹਨ, ਜਿਹਨਾਂ ਵਿੱਚੋਂ ਇੱਕ ਸਿਵਲ ਹਸਪਤਾਲ ਫਰੀਦਕੋਟ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਚੱਲ ਰਿਹਾ ਹੈ, ਇਸ ਤੋਂ ਇੱਕ ਰਿਹੈਬਲੀਟੇਸ਼ਨ ਸੈਂਟਰ ਅਤੇ 14 ਓਟ ਕਲੀਨਕ ਚੱਲ ਰਹੇ ਹਨ ਜਿੱਥੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਓਟ ਸੈਂਟਰਾਂ ਵਿੱਚ ਲੱਗਭਗ ਸਾਢੇ ਗਿਆਰਾਂ ਹਜਾਰ ਲੋਕ ਆਪਣਾ ਇਲਾਜ ਕਰਵਾ ਰਹੇ ਹਨ।
ਯੂਥ ਅਫੇਅਰ ਆਰਗੇਨਾਈਜੇਸ਼ਨ ਫਰੀਦਕੋਟ ਦੇ ਪ੍ਰਧਾਨ ਰਣਬੀਰ ਸਿੰਘ ਬਤਾਨ ਵੱਲੋਂ ਹਾਜਰੀਨ ਨੂੰ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪ੍ਰਣ ਵੀ ਲਿਆ ਗਿਆ। ਉਹਨਾਂ ਆਖਿਆ ਕਿ ਸਾਡੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਉਹਨਾਂ ਭਰੋਸਾ ਦਿਵਾਇਆ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਉਹ ਅੱਗੇ ਤੋਂ ਵੀ ਸਿਹਤ ਵਿਭਾਗ ਨੂੰ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ।