Total views : 131859
ਅੰਮ੍ਰਿਤਸਰ 19 ਜਨਵਰੀ -( ਡਾ. ਮਨਜੀਤ ਸਿੰਘ)-ਅਜੋਕੇ ਸਮੇਂ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਬਣਨਾ ਚਾਹੀਦਾ ਹੈ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਇਨਾਂ ਦਾ ਰੁਤਬਾ ਉੱਚਾ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਨੇ ਕੀਤਾ । ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿਖੇ ਨਿਰਦੇਸ਼ਾਂ ਅਨੁਸਾਰ“ਬੇਟੀ ਬਚਾਓ, ਬੇਟੀ ਪੜਾਓ “ਸਕੀਮ ਅਧੀਨ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਸ ਨਵੇਕਲੀ ਪਹਿਲ ਦੌਰਾਨ 70 ਦੇ ਕਰੀਬ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੇ ਕਾਬਲ ਬਣਾਉਣ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰਨ ਲਈ ਤਿਆਰੀ ਕਰਵਾਈ ਜਾਵੇਗੀ। ਉਨਾਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਮਿਹਨਤ ਲਗਾ ਕੇ ਇਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰੋ ਤਾਂ ਜੋ ਤੁਸੀਂ ਵੀ ਸਰਕਾਰੀ ਨੌਕਰੀ ਵਿੱਚ ਆਪਣਾ ਸਥਾਨ ਬਣਾ ਸਕੋ। ਉਨਾਂ ਨੇ ਦੱਸਿਆ ਕਿ ਇਸ ਕੋਚਿੰਗ ਕਲਾਸਾਂ ਲਈ ਪ੍ਰਾਰਥੀਆਂ ਦਾ ਸਕਰੀਨਿੰਗ ਟੈਸਟ ਲਿਆ ਗਿਆ ਸੀ । ਜਿਸ ਵਿੱਚ 1170 ਦੇ ਕਰੀਬ ਪ੍ਰਾਰਥੀਆਂ ਨੇ ਟੈਸਟ ਲਈ ਅਪਲਾਈ ਕੀਤਾ ਸੀ ਅਤੇ 70 ਦੇ ਕਰੀਬ ਯੋਗ ਪ੍ਰਾਰਥੀਆਂ ਦੀ ਸਕਰੀਨਿੰਗ ਟੈਸਟ ਤੋਂ ਬਾਅਦ ਕੋਚਿੰਗ ਦੇ ਲਈ ਚੋਣ ਕੀਤੀ ਗਈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਸ਼੍ਰੀ ਵਿਵੇਕ ਮੋਦੀ ਨੇ ਦੱਸਿਆ ਕਿ ਗਿਆਨਮ ਅੰਮ੍ਰਿਤਸਰ ਕੋਚਿੰਗ ਇੰਸਟੀਚਿਊਟ ਵੱਲੋਂ ਪ੍ਰਾਰਥੀਆਂ ਨੂੰ ਐਸ.ਐਸ.ਬੋਰਡ/ਰੇਲਵੇ ਸਿਲੈਕਸ਼ਨ ਬੋਰਡ/ ਬੈਂਕਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਆਦਿ ਦੀ ਤਿਆਰੀ ਕਰਵਾਈ ਜਾਵੇਗੀ। ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਕੁਲਦੀਪ ਕੌਰ ਨੇ “ਬੇਟੀ ਬਚਾਓ, ਬੇਟੀ ਪੜਾਓ “ਸਕੀਮ ਅਧੀਨ ਆਏ ਹੋਏ ਪ੍ਰਾਰਥੀਆਂ ਨੂੰ ਇਸ ਸਕੀਮ ਬਾਰੇ ਜਾਣੂ ਕਰਵਾਇਆ । ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ,ਨੀਲਮ ਮਹੇ, ਨੇ ਦੱਸਿਆ ਕਿ ਇਹ ਕਲਾਸਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿਖੇ ਲਗਾਈਆ ਜਾਣਗੀਆਂ।
ਇਸ ਮੌਕੇ ਗਿਆਨਮ ਇੰਸਟੀਚਿਊਟ ਤੋਂ ਸ਼੍ਰੀ ਸਿਧਾਰਥ ਖੰਨਾ ਤੇ ਮਿਸ ਦੀਪਿਕਾ ਧੀਰ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਨਰੇਸ਼ ਕੁਮਾਰ, ਡਿਪਟੀ ਸੀ.ਈ.ਓ, ਸ਼੍ਰੀ ਤੀਰਥਪਾਲ ਸਿੰਘ, ਕਰੀਅਰ ਕਾਊਂਸਲਰ ਸ਼੍ਰੀ ਗੌਰਵ ਕੁਮਾਰ, ਸੁਪਰਡੰਟ ਸ਼੍ਰੀ ਜੁਗਰਾਜ ਸਿੰਘ ਅਤੇ ਹੋਰ ਸਟਾਫ ਹਾਜਰ ਸਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਟੈਲੀਗ੍ਰਾਮ ਚੈਨਲ DBEE Amritsar ਅਤੇ ਮੋਬਾਇਲ ਨੰ. 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ ।