Total views : 131856
ਚੰਡੀਗੜ੍ਹ, 28 ਜਨਵਰੀ– ਲੋਕ ਮੰਚ ਪੰਜਾਬ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਅੱਜ ਸਾਲ 2023 ਦੇ ਸਨਮਾਨ ਭੇਟ ਕੀਤੇ ਗਏ। ‘ਆਪਣੀ ਅਵਾਜ਼’ ਪੁਰਸਕਾਰ 2023 ਜੰਗ ਬਹਾਦਰ ਗੋਇਲ ਨੂੰ ਅਤੇ ‘ਕਾਵਿਲੋਕ’ ਪੁਰਸਕਾਰ 2023 ਅਰਤਿੰਦਰ ਸੰਧੂ ਨੂੰ ਭੇਟ ਕੀਤਾ ਗਿਆ।
ਇਹ ਸਨਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ, ਡਾਕਟਰ ਵਰਿਆਮ ਸਿੰਘ ਸੰਧੂ, ਰਘਬੀਰ ਸਿੰਘ ਸਿਰਜਣਾ,ਡਾਕਟਰ ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਸੁੰਨੜ, ਕੁਲਦੀਪ ਸਿੰਘ ਬੇਦੀ,ਡਾਕਟਰ ਹਰਜਿੰਦਰ ਸਿੰਘ ਅਟਵਾਲ ਅਤੇ ਦੀਪਕ ਸ਼ਰਮਾ ਚਨਾਰਥਲ ਵੱਲੋਂ ਭੇਂਟ ਕੀਤੇ ਗਏ।
ਜੰਗ ਬਹਾਦਰ ਗੋਇਲ ਦੀ ਸ਼ਾਹਕਾਰ ਰਚਨਾ ‘ਸਾਹਿਤ ਸੰਜੀਵਨੀ ’ ਲਈ ‘ਆਪਣੀ ਅਵਾਜ਼ ਪੁਰਸਕਾਰ 2023′ ਭੇਟ ਕਰਦਿਆਂ ਇਕ ਸਨਮਾਨ ਪੱਤਰ, ਲੋਕ ਪੰਜਾਬ ਮੰਚ ਦਾ ਝੋਲ਼ਾ, ਫੁਲਕਾਰੀ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅਰਤਿੰਦਰ ਕੌਰ ਸੰਧੂ ਦੀ ਕਾਵਿ ਰਚਨਾ ‘ਮਨ ਦਾ ਮੌਸਮ’ ਲਈ ‘ਕਾਵਿਲੋਕ ਪੁਰਸਕਾਰ 2023′ ਭੇਟ ਕਰਦਿਆਂ ਇਕ ਸਨਮਾਨ ਪੱਤਰ, ਲੋਕ ਮੰਚ ਪੰਜਾਬ ਦਾ ਝੋਲਾ, ਫੁਲਕਾਰੀ ਅਤੇ 31 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਦੀ ਸ਼ੁਰੂਆਤ ਵਿਚ ਸਵਾਗਤੀ ਸ਼ਬਦ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਆਖਦਿਆਂ ਮੰਚ ਦੇ ਹਵਾਲੇ ਨਾਲ ਕੀਤੇ ਜਾ ਰਹੇ ਕਾਰਜਾਂ ਤੋਂ ਸਭਨਾਂ ਨੂੰ ਜਾਣੂ ਕਰਵਾਇਆ। ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਇਹ ਉਪਰਾਲੇ ਉਦੋਂ ਸਾਰਥਕ ਸਾਬਤ ਹੁੰਦੇ ਹਨ, ਜਦੋਂ ਸਹੀ ਚੋਣ ਕਰਕੇ ਸਹੀ ਹੱਥਾਂ ਵਿਚ ਸਨਮਾਨ ਪਹੁੰਚਦੇ ਹਨ। ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਜੋਕੇ ਦੌਰ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਆਪਣੀਆਂ ਬੇਬਾਕ ਟਿੱਪਣੀਆਂ ਨਾਲ ਜਿੱਥੇ ਹਾਸਿਆਂ ਦੀ ਖੂਬ ਮਹਿਕ ਬਿਖੇਰੀ, ਉਥੇ ਉਨ੍ਹਾਂ ਸਨਮਾਨ ਹਾਸਲ ਕਰਨ ਵਾਲੀਆਂ ਹਸਤੀਆਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਹ ਸੱਚਮੁੱਚ ਇਸ ਸਨਮਾਨ ਦੇ ਸਹੀ ਹੱਕਦਾਰ ਹਨ। ਡਾਕਟਰ ਰਘਬੀਰ ਸਿੰਘ ਸਿਰਜਣਾ ਅਤੇ ਕੁਲਦੀਪ ਬੇਦੀ ਹੋਰਾਂ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸਨਮਾਨ ਹਾਸਲ ਕਰਨ ਵਾਲੇ ਜੰਗ ਬਹਾਦਰ ਗੋਇਲ ਨੇ ਆਖਿਆ ਕਿ ਸਾਹਿਤ ਇਕ ਸੰਜੀਵਨੀ ਹੈ ਅਤੇ ਲੇਖਕ ਇਕ ਡਾਕਟਰ ਹੈ। ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ ਅਤੇ ਧੰਨਵਾਦ ਲੋਕ ਮੰਚ ਪੰਜਾਬ ਦਾ, ਜਿਸ ਨੇ ਮੈਨੂੰ ਇਸ ਸਨਮਾਨ ਦੇ ਲਾਇਕ ਸਮਝਿਆ। ਇਸੇ ਤਰ੍ਹਾਂ ਸਨਮਾਨਤ ਹੋਣ ਵਾਲੀ ਪੰਜਾਬ ਦੀ ਨਾਮਵਰ ਕਵਿੱਤਰੀ ਅਰਤਿੰਦਰ ਸੰਧੂ ਨੇ ਕਿਹਾ ਕਿ ਲੇਖਕ ਇਕੋ ਜੀਵਨ ਵਿਚ ਕਈ ਜ਼ਿੰਦਗੀਆਂ ਜਿਉਂ ਲੈਂਦੇ ਹੈ ਅਤੇ ਇਹ ਸਨਮਾਨ ਉਸ ਨੂੰ ਹੋਰ ਲੰਬਾ ਪੈਂਡਾ ਤੈਅ ਕਰਨ ਲਈ ਬਲ ਬਖਸ਼ਦਾ ਹੈ। ਉਨ੍ਹਾਂ ਵੀ ਲੋਕ ਮੰਚ ਪੰਜਾਬ ਦਾ ਸ਼ੁਕਰਾਨਾ ਕੀਤਾ। ਅਰਤਿੰਦਰ ਸੰਧੂ ਜੀ ਦਾ ਸਨਮਾਨ ਪੱਤਰ ਪ੍ਰੀਤਮ ਰੂਪਾਲ ਵੱਲੋਂ ਪੜ੍ਹਿਆ ਗਿਆ ਜਦਕਿ ਜੰਗ ਬਹਾਦਰ ਗੋਇਲ ਦੇ ਜੀਵਨ ਅਤੇ ਲੇਖਣੀ ਦੇ ਸਫ਼ਰ ਤੋਂ ਭੁਪਿੰਦਰ ਮਲਿਕ ਨੇ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਸਨਮਾਨ ਪੱਤਰ ਡਾਕਟਰ ਨਿਰਮਲ ਜੌੜਾ ਨੇ ਸਾਂਝਾ ਕੀਤਾ।
ਸਮਾਗਮ ਦੇ ਅਖੀਰ ਵਿਚ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਪ੍ਰਧਾਨਗੀ ਮੰਡਲ ਦਾ ਅਤੇ ਹਾਜ਼ਰ ਹਸਤੀਆਂ ਦਾ ਸ਼ੁਕਰਾਨਾ ਕਰਦਿਆਂ ਸਨਮਾਨ ਹਾਸਲ ਕਰਨ ਵਾਲੇ ਦੋਵੇਂ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੋਇਲ ਸਾਹਿਬ ਅਤੇ ਅਰਤਿੰਦਰ ਸੰਧੂ ਨੂੰ ਸਨਮਾਨਿਤ ਕਰਕੇ ਲੋਕ ਮੰਚ ਪੰਜਾਬ ਖੁਦ ਨੂੰ ਸਨਮਾਨਿਤ ਮਹਿਸੂਸ ਕਰਦਾ ਹੈ। ਇਸ ਸਮੁੱਚੇ ਸਮਾਗਮ ਦੀ ਕਾਰਵਾਈ ਲੋਕ ਮੰਚ ਪੰਜਾਬ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਚੰਡੀਗੜ੍ਹ, ਮੋਹਾਲੀ ਸਣੇ ਪੰਜਾਬ ਦੇ ਵੱਖ-ਵੱਖ ਖਿੱਤਿਆਂ ਤੋਂ ਆਏ ਨਾਮਵਰ ਲੇਖਕ, ਬੁੱਧੀਜੀਵੀ ਅਤੇ ਸਾਹਿਤਕਾਰ ਵੱਡੀ ਗਿਣਤੀ ਵਿਚ ਮੌਜੂਦ ਸਨ।