ਡਾ: ਗੁਰਸੇਵਕ ਲੰਬੀ ਦੀ ਨਵੀ ਪ੍ਰਕਾਸ਼ਿਤ ਪੁਸਤਕ ‘ਮੇਰਾ ਬਸਤਾ’ ਤੇ ਵਿਚਾਰ ਚਰਚਾ ਦਾ ਆਯੋਜਨ

ਖ਼ਬਰ ਸ਼ੇਅਰ ਕਰੋ
035611
Total views : 131858

ਫਾਜ਼ਿਲਕਾ, 29 ਜਨਵਰੀ – ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਸ: ਭਗੰਵਤ ਸਿੰਘ ਮਾਨ ਅਤੇ ਸਿੱਖਿਆ ਤੇ ਭਾਸ਼ਾਵਾ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਡਾ: ਗੁਰਸੇਵਕ ਲੰਬੀ ਦੀ ਨਵੀ ਪ੍ਰਕਾਸ਼ਿਤ ਪੁਸਤਕ ‘ਮੇਰਾ ਬਸਤਾ’ ਤੇ ਵਿਚਾਰ ਚਰਚਾ ਦਾ ਆਯੋਜਨ ਸੇਵਾ ਸਦਨ ਅਬੋਹਰ ਵਿਖੇ ਕੀਤਾ ਗਿਆ।

ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਓਤਰੇਜਾ ਨੇ ਡਾ:ਗੁਰਸੇਵਕ ਲੰਬੀ ਤੇ ਹੋਰ ਸਾਹਿਤਕ ਦੋਸਤਾਂ ਦਾ ਸਵਾਗਤ ਕਰਦਿਆਂ ‘ਮੇਰਾ ਬਸਤਾ’ ਪੁਸਤਕ ਦੇ ਪ੍ਰਕਾਸ਼ਨ ਤੇ ਮੁਬਾਰਕਬਾਦ ਦਿੱਤੀ ਤੇ ਡਾ: ਲੰਬੀ ਦੇ ਕਿਤਾਬ ਵਿਚਲੇ ਲੇਖਾਂ ਬਾਰੇ ਕਿਹਾ ਕਿ ਇਹ ਲੇਖ ਹਰ ਉਮਰ ਦੇ ਪਾਠਕਾਂ ਲਈ ਪ੍ਰੇਰਨਾਦਾਇਕ ਹਨ। ਇਸ ਮੌਕੇ ਤੇ ਸ਼੍ਰੀ ਅਭੀਜੀਤ ਵਧਵਾ ਨੇ ਡਾ: ਲੰਬੀ ਨਾਲ ਕਾਲਜ ਸਮੇ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਗੁਰਰਾਜ ਚਹਿਲ ਨੇ ਕਿਹਾ ਕਿ ਡਾ: ਗੁਰਸੇਵਕ ਦੀ ਵਾਰਤਕ ਦੀ ਇਸ ਵਿਧਾ ਨਾਲ ਸਰਵਪੱਖੀ ਲੇਖਕ ਵੱਜੋਂ ਪ੍ਰਵਾਨਿਤ ਹੋਇਆ ਹੈ।

ਸਾਹਿਤ ਦੇ ਵਿਦਿਆਰਥੀ ਸ: ਚਮਕੌਰ ਸਿੰਘ ਨੇ ਕਿਤਾਬਾਂ ਬਾਰੇ ਨਿਵੇਕਲੇ ਤੱਥ ਪੇਸ਼ ਕੀਤੇ। ਡਾ: ਚੰਦਰ ਅਦੀਬ ਨੇ ਵਿਚਾਰ ਚਰਚਾ ਵਿੱਚ ਕਿਹਾ ਕਿ ‘ਮੇਰਾ ਬਸਤਾ’ ਕਿਤਾਬ ਹਰ ਉਸ ਵਿਅਕਤੀ ਦੀ ਕਹਾਣੀ ਹੈ ਜੋ ਸੰਘਰਸ਼ਮਈ ਜੀਵਨ ’ਚੋਂ ਲੰਘਦਾ ਹੋਇਆ ਸਫ਼ਲ ਇਨਸਾਨ ਬਣਦਾ ਹੈ। ਡਾ:ਵਿਜੇ ਗਰੋਵਰ (ਪ੍ਰਿੰਸੀਪਲ) ਨੇ ਕਿਹਾ ਡਾ: ਗੁਰਸੇਵਕ ਨੇ ਅਬੋਹਰ ਤੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਬੜੇ ਵਧੀਆ ਢੰਗ ਨਾਲ ਸਾਂਝਾ ਕੀਤਾ ਹੈ। ਸਮਾਗਮ ਦਾ ਮੰਚ ਸੰਚਾਲਨ ਸ਼੍ਰੀ ਵਿਜੇਅੰਤ ਜੁਨੇਜਾ ਨੇ ਕੀਤਾ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਪ੍ਰੋ: ਬੀ.ਐਸ ਚੌਧਰੀ ਤੇ ਪਰਮਿੰਦਰ ਸਿੰਘ ਖੋਜ ਅਫ਼ਸਰ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਤੇ ਰੰਗਕਰਮੀ ਮੰਗਤ ਵਰਮਾ, ਸ: ਸਤਨਾਮ ਸਿੰਘ, ਨਵਤੇਜ ਸਿੰਘ, ਪ੍ਰੇਮ ਸਿਡਾਨਾ, ਪ੍ਰਿੰਸੀਪਲ ਸੰਜੀਵ ਕੁਮਾਰ, ਰਵਿੰਦਰ ਸਿੰਘ ਵਕੀਲ, ਗੁਰਵਿੰਦਰ ਸੋਨੀ, ਸਿੰਮੀ ਪ੍ਰੀਤ ਕੌਰ ਆਦਿ ਮੌਜੂਦ ਸਨ।