ਵਿਲੇਜ ਡਿਫੈਂਸ ਕਮੇਟੀਆਂ ਪਿੰਡਾਂ ਵਿੱਚ ਨਸ਼ੇ ਤੇ ਰੱਖਣ ਤਿਰਛੀ ਨਜ਼ਰ – ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
048052
Total views : 161397

ਅਜਨਾਲਾ ਹਲਕੇ ਦੀਆਂ ਪੰਜ ਵਿਲੇਜ ਡਿਫੈਂਸ ਕਮੇਟੀਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ 20 ਫਰਵਰੀ -( ਡਾ ਮਨਜੀਤ ਸਿੰਘ)-ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੀਆਂ ਹਦਾੲਤਾਂ ਤੇ ਸਰਹੱਦੀ ਪਿੰਡਾਂ ਵਿੱਚ ਬਣਾਈਆਂ ਗਈਆਂ ਵਿਲੇਜ ਡਿਫੈਂਸ ਕਮੇਟੀਆਂ ਪਿੰਡਾਂ ਵਿੱਚ ਨਸ਼ੇ `ਤੇ ਤਿਰਛੀ ਨਜ਼ਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ `ਤੇ ਕਾਬੂ ਪਾਉਣ ਲਈ ਬੀ.ਐਸ.ਐਫ. ਅਤੇ ਪੁਲਿਸ ਨਾਲ ਆਪਣਾ ਤਾਲਮੇਲ ਬਣਾਈ ਰੱਖਣ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਅਜਨਾਲਾ ਹਲਕੇ ਦੇ ਘੋਨੇਵਾਲ, ਸੈਦੋਗਾਜੀ, ਮਿਸੋਕੇ, ਸਿੰਗੋਕੇ ਅਤੇ ਪੰਜ ਗਰਾਂਈ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਸਰਹੱਦੀ ਪੱਟੀ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ, ਜੋ ਕਿ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਬਿਹਤਰ ਕੰਮ ਕਰਨ ਵਾਲੀਆਂ ਵਿਲੇਜ ਡਿਫੈਂਸ ਕਮੇਟੀਆਂ ਨੂੰ ਵਧੀਆ ਕਾਰਗੁਜਾਰੀ ਦੇ ਆਧਾਰ ਤੇ ਇਨਾਮ ਵੀ ਦਿੱਤੇ ਗਏ ਹਨ। ਉਨਾਂ ਵਿਲੇਜ ਡਿਫੈਂਸ ਕਮੇਟੀਆਂ ਨੂੰ ਕਿਹਾ ਕਿ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਦੀ ਤਸੱਕਰੀ ਉਤੇ ਨਿਗਾਹ ਰੱਖਣ ਤੇ ਡਰੋਨ ਆਦਿ ਦੀ ਆਮਦ `ਤੇ ਇਸਦੀ ਸੂਹ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਤਾਂ ਜੋ ਨਸ਼ੇ ਦੀ ਤਸੱਕਰੀ ਨੂੰ ਨੱਥ ਪਾਈ ਜਾ ਸਕੇ। ਸ੍ਰੀ ਥੋਰੀ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਤਾਂ ਜੋ ਨਸ਼ੇ ਵਰਗੀ ਭਿਆਨਕ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਬੀ.ਐਸ.ਐਫ ਦੇ ਅਧਿਕਾਰੀ ਸ੍ਰੀ ਬੀ.ਕੇ. ਦਿਵੇਦੀ ਨੇ ਦੱਸਿਆ ਕਿ ਨਸ਼ੇ ਦੇ ਰੋਕਥਾਮ ਲਈ ਸਰਹੱਦ `ਤੇ ਪੈਟਰੋਲਿੰਗ ਵਿਚ ਵਾਧਾ ਕੀਤਾ ਗਿਆ ਹੈ ਅਤੇ ਪੁਲਿਸ ਨਾਲ ਤਾਲਮੇਲ ਸਥਾਪਿਤ ਕਰਕੇ ਨਸ਼ੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬੀ.ਐਸ.ਐਫ. ਦੇ ਜਵਾਨ ਹਰ ਸਮੇਂ ਸਰਹੱਦ `ਤੇ ਮੁਸਤੈਦ ਹਨ ਅਤੇ ਸਰਹੱਦ ਰਾਹੀਂ ਹੋਣ ਵਾਲੀ ਤਸਕਰੀ ਤੇ ਕਾਫ਼ੀ ਹੱਦ ਤੱਕ ਲਾਗਾਮ ਲੱਗ ਚੁੱਕੀ ਹੈ।
ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ੍ਰੀ ਵਿਵੇਕ ਮੋਦੀ, ਐਸ.ਡੀ.ਐਮ. ਅਜਨਾਲਾ ਸ: ਅਰਵਿੰਦਰਪਾਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ: ਸੁਖਜੀਤ ਸਿੰਘ, ਡੀ.ਐਸ.ਪੀ. ਰਾਜਕੁਮਾਰ, ਤਹਿਸੀਲਦਾਰ ਅਜਨਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।