ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਰੱਗ ਫ੍ਰੀ ਪੰਜਾਬ ਮੁਹਿੰਮ ਤਹਿਤ ਸ਼ੋਅ ਮੈਚ 8 ਜਨਵਰੀ ਤੋਂ

ਖ਼ਬਰ ਸ਼ੇਅਰ ਕਰੋ
035621
Total views : 131874

ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਲਿਆ ਤਿਆਰੀਆਂ ਦਾ ਜਾਇਜ਼ਾ

8 ਜਨਵਰੀ ਨੂੰ ਫਗਵਾੜਾ, 9 ਨੂੰ ਕਪੂਰਥਲਾ, 10 ਨੂੰ ਭੁਲੱਥ ਅਤੇ 11 ਨੂੰ ਸੁਲਤਾਨਪੁਰ ਲੋਧੀ ਸਬ-ਡਵੀਜਨ ’ਚ ਹੋਣਗੇ ਸ਼ੋਅ ਮੈਚ

ਕਪੂਰਥਲਾ, 3 ਜਨਵਰੀ: ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ’ਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਖਿਲਾਫ਼ ਸੁਨੇਹੇ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸਬ-ਡਵੀਜਨਾਂ ਵਿਚ 8 ਜਨਵਰੀ ਤੋਂ ਸ਼ੋਅ ਮੈਚ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਇਨ੍ਹਾਂ ਸ਼ੋਅ ਮੈਚਾਂ ਦੀਆਂ ਤਿਆਰੀਆਂ ਸਬੰਧੀ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਿਤ ਐਸ.ਡੀ.ਐਮਜ਼ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਡਰੱਗ ਫ੍ਰੀ ਪੰਜਾਬ ਮੁਹਿੰਮ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਨਸ਼ਿਆਂ ਦੇ ਰੁਝਾਨ ਨੂੰ ਠੋਸ ਤਰੀਕੇ ਨਾਲ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਕੇ ਨੌਜਵਾਨਾਂ ਨੂੰ ਚੰਗਾ ਸੁਨੇਹਾ ਦਿੰਦਿਆਂ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਕੇ ਸਮਾਜ ਨੂੰ ਹੋਰ ਵਧੇਰੇ ਸਿਹਤਮੰਦ ਬਣਾਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਵੱਖ-ਵੱਖ ਸਬ-ਡਵੀਜਨਾਂ ’ਚ ਹੋਣ ਵਾਲੇ ਸ਼ੋਅ ਮੈਚਾਂ ਸਬੰਧੀ ਦੱਸਿਆ ਕਿ 8 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫਗਵਾੜਾ ਵਿਖੇ ਫੁੱਟਬਾਲ ਦਾ ਮੈਚ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 9 ਜਨਵਰੀ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਬੱਡੀ ਨੈਸ਼ਨਲ ਸਟਾਈਲ, 10 ਜਨਵਰੀ ਨੂੰ ਭੁਲੱਥ ਬਲਾਕ ਦੇ ਸਰਕਾਰੀ ਹਾਈ ਸਕੂਲ, ਖੱਸਣ ਵਿਖੇ ਖੋ-ਖੋ ਦੇ ਮੁਕਾਬਲੇ ਅਤੇ 11 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਕਬੱਡੀ ਪੰਜਾਬ ਸਟਾਈਲ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਮੇਂ-ਸਮੇਂ ਸਿਰ ਵੱਖ-ਵੱਖ ਉਪਰਾਲੇ ਅਮਲ ਵਿਚ ਲਿਆਂਦੇ ਜਾ ਰਹੇ ਹਨ ਤਾਂ ਜੋ ਇਸ ਸਮਾਜਿਕ ਬੁਰਾਈ ਦਾ ਮੁਕੰਮਲ ਤੌਰ ’ਤੇ ਖਾਤਮਾ ਯਕੀਨੀ ਬਣਾਇਆ ਜਾ ਸਕੇ।

ਲੋਕਾਂ ਨੂੰ ਨਸ਼ਿਆਂ ਵਿਰੁੱਧ ਡਟਕੇ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਅਲਾਮਤ ਦਾ ਸਫਾਇਆ ਸਹਿਜੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਹੋਰਨਾਂ ਜਥੇਬੰਦੀਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਨਾਲ ਇਹ ਉਪਰਾਲੇ ਹੋਰ ਵੀ ਅਸਰਦਾਰ ਢੰਗ ਨਾਲ ਲਾਗੂ ਕੀਤੇ ਜਾ ਸਕਣਗੇ। ਉਨ੍ਹਾਂ ਨੇ ਜ਼ਿਲ੍ਹਾ ਖੇਡ ਅਫਸਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਸ਼ੋਅ ਮੈਚਾਂ ਦੀਆਂ ਲੋੜੀਂਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਡੀ.ਐਮਜ਼ ਲਾਲ ਵਿਸ਼ਵਾਸ਼ ਬੈਂਸ, ਸੰਜੀਵ ਸ਼ਰਮਾ, ਜਸਪ੍ਰੀਤ ਸਿੰਘ ਅਤੇ ਜਸ਼ਨਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦਲਜੀਤ ਕੌਰ ਆਦਿ ਮੌਜੂਦ ਸਨ।

 

 

#Showmatch