ਅੰਮ੍ਰਿਤਸਰ ਦੇ ਲੋਕਾਂ ਦੀ ਇੱਛਾ ਪੂਰੀ ਕਰਦਿਆਂ ਅਨਿਲ ਜੋਸ਼ੀ ਨੂੰ ਟਿਕਟ ਦੇਵੇ ਹਾਈ ਕਮਾਂਡ- ਬਿਕਰਮ ਸਿੰਘ ਮਜੀਠੀਆ

ਖ਼ਬਰ ਸ਼ੇਅਰ ਕਰੋ
048054
Total views : 161406

ਮਜੀਠੀਆ ਨੇ ਕਿਹਾ ਕਿ ਜੋਸ਼ੀ ਸੰਸਦ ਵਿਚ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕਰਨ ਲਈ ਸਭ ਤੋਂ ਢੁਕਵੀਂ ਸ਼ਖਸੀਅਤ

ਅੰਮ੍ਰਿਤਸਰ, 8 ਅਪ੍ਰੈਲ- (ਡਾ. ਮਨਜੀਤ ਸਿੰਘ,  ਸਿਕੰਦਰ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਇਸ ਪਾਰਲੀਮਾਨੀ ਹਲਕੇ ਦੇ ਲੋਕਾਂ ਦੀ ਇੱਛਾ ਪੂਰੀ ਕਰੇ ਅਤੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਇਸ ਸੀਟ ਤੋਂ ਆਉਂਦੀਆਂ ਪਾਰਲੀਮਾਨੀ ਚੋਣਾਂ ਵਾਸਤੇ ਟਿਕਟ ਦੇਵੇ।

ਸ. ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਨਿਲ ਜੋਸ਼ੀ ਦੇ ਨਾਲ ਅੰਮ੍ਰਿਤਸਰ ਉੱਤਰੀ ਵਿੱਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਜੋਸ਼ੀ ਇਸ ਹਲਕੇ ਦੇ ਲੋਕਾਂ ਦੀ ਸੇਵਾ ਵਾਸਤੇ ਸਰਵੋਤਮ ਪ੍ਰਤੀਨਿਧ ਸਾਬਤ ਹੋਣਗੇ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਜੋਸ਼ੀ ਦੀ ਉਮੀਦਵਾਰੀ ਦੀ ਹਮਾਇਤ ਕਰਨ ਅਤੇ ਕਿਹਾ ਕਿ ਚੋਣ ਮੈਦਾਨ ਵਿਚਲੇ ਹੋਰ ਉਮੀਦਵਾਰਾਂ ਨੂੰ ਤਾਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਂ ਵੀ ਨਹੀਂ ਪਤਾ ਤੇ ਉਹ ਸੰਸਦ ਵਿਚ ਅੰਮ੍ਰਿਤਸਰ ਦੀ ਆਵਾਜ਼ ਨਹੀਂ ਬਣ ਸਕੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਵਾਹਗਾ ਸਰਹੱਦ ਰਾਹੀਂ ਵਪਾਰ ਬੰਦ ਕਰ ਦਿੱਤਾ ਜਿਸ ਕਾਰਨ ਹਲਕੇ ਦੇ ਅਰਥਚਾਰੇ ’ਤੇ ਮਾਰੂ ਅਸਰ ਪਿਆ।
ਸ. ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਭਾਜਪਾ ਨਾਲ ਗੁਪਤ ਸਮਝੌਤਾ ਹੈ ਤੇ ਇਸੇ ਕਾਰਨ ਉਹਨਾਂ ਨੇ ਚਲ ਰਹੇ ਕਿਸਾਨ ਅੰਦੋਲਨ ਵਿਚ ਸ਼ੁਭਕਰਨ ਦੀ ਮੌਤ ਅਤੇ ਪ੍ਰੀਤਪਾਲ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਨ ਲਈ ਜ਼ਿੰਮੇਵਾਰ ਹਰਿਆਣਾ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਵੀ ਆਖਿਆ ਕਿ ਜਦੋਂ ਮੁੱਖ ਮੰਤਰੀ ਉਹਨਾਂ ਕੋਲ ਆਉਣ ਤਾਂ ਉਹ ਸਵਾਲ ਕਰਨ ਕਿ ਉਹਨਾਂ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਿਉਂ ਨਹੀਂ ਕੀਤੀ ਤੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਨੂੰ ਕੁਚਲਣ ਦੀ ਆਗਿਆ ਕਿਉਂ ਦਿੱਤੀ ?
ਸ. ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦਾ ਕਿਰਦਾਰ ਸਮਝਣ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਦਾ ਰਿਕਾਰਡ ਹੈ ਕਿ ਉਹ ਪ੍ਰਗਤੀ ਦੇ ਰਾਹ ’ਤੇ ਸਭ ਨੂੰ ਨਾਲ ਲੈ ਕੇ ਚਲਦਾ ਹੈ। ਉਹਨਾਂ ਕਿਹਾ ਕਿ ਤੁਸੀਂ ਆਪ ਵੇਖਿਆ ਹੈ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਹਲਕੇ ਦਾ ਮੂੰਹ ਮੁਹਾਂਦਰਾ ਕਿਵੇਂ ਸੰਵਾਰਿਆ ਗਿਆ ਸੀ ਪਰ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਇਸ ਹਲਕੇ ਦਾ ਬੁਰਾ ਹਾਲ ਹੋ ਗਿਆ।
ਇਸ ਮੌਕੇ ਸੀਨੀਅਰ ਆਗੂ ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵੀ ਮੌਜੂਦ ਸਨ।