Total views : 131857
ਡੀ.ਸੀ ਦਫ਼ਤਰ ਅੱਗੇ ਝੋਨੇ ਦੇ ਢੇਰ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ-
ਅੰਮ੍ਰਿਤਸਰ, 28 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਜਿਲ੍ਹਾ ਅੰਮ੍ਰਿਤਸਰ ਦੇ ਬਾਸਮਤੀ ਅਤੇ ਝੋਨੇ ਦੇ ਅੱਧ ਤੋਂ ਵੀ ਘੱਟ ਰੇਟ ਵਿਕਣ ਕਾਰਨ ਨਰਾਜ਼ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਹੀ ਹੇਠ ਅਤੇ ਜਥੇਬੰਦੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਦੇਖ ਰੇਖ ਹੇਠ ਜਿੱਥੇ ਪਹਿਲਾਂ ਡੀ ਸੀ ਦਫਤਰ ਅੰਮ੍ਰਿਤਸਰ ਅੱਗੇ ਬਾਸਮਤੀ ਢੇਰ ਲਗਾ ਕੇ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਜੰਮਕੇ ਨਾਹਰੇਬਾਜੀ ਕੀਤੀ ਉੱਥੇ ਹੀ ਟਰਾਲੀਆਂ ਭਰ ਕੇ ਸ਼ਹਿਰ ਦੀਆਂ ਸੜਕਾਂ ਤੇ ਬਾਸਮਤੀ ਖਿਲਾਰ ਦਿੱਤੀ ਗਈ।
ਇਸ ਮੌਕੇ ਆਗੂਆਂ ਅਤੇ ਆਮ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿਸਾਨ ਦੀ ਬਾਸਮਤੀ ਦੀ ਅੱਧੇ ਮੁੱਲ ਤੇ ਲੁੱਟ ਕੀਤੀ ਜਾ ਰਹੀ ਹੈ। ਓਹਨਾ ਕਿਹਾ ਕਿ ਬਾਸਮਤੀ ਦੀਆਂ ਕਿਸਮ 1692 ਅਤੇ 1509 ਦਾ ਰੇਟ 2000 ਤੋਂ 2400 ਤੱਕ ਮਿਲ ਰਿਹਾ ਹੈ ਸਗੋਂ ਕੁਝ ਕਿਸਾਨਾਂ ਦੀ ਫ਼ਸਲ 1800 ਤੱਕ ਵੀ ਵਿਕੀ ਹੈ ਜਦਕਿ ਪਿਛਲੇ ਸਾਲ ਇਸੇ ਫਸਲ ਦਾ ਰੇਟ 3500-4000 ਦੇ ਵਿੱਚ ਰਿਹਾ ਸੀ, ਜਿਸ ਕਾਰਨ ਹਰ ਕਿਸਾਨ ਨੂੰ 25-30 ਹਜ਼ਾਰ ਦਾ ਸਿੱਧਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਓਹਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਕਿ ਅਗਰ ਬਾਸਮਤੀ ਦਾ ਰੇਟ 3200 ਰੁਪਏ ਤੋਂ ਘਟੇਗਾ ਤਾਂ ਇਹ ਘਾਟਾ ਪੰਜਾਬ ਸਰਕਾਰ ਪੂਰਾ ਕਰੇਗੀ ਪਰ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਚੁੱਪ ਬੈਠੀ ਹੈ ਅਤੇ ਕਿਸਾਨ ਲੁੱਟਿਆ ਜਾ ਰਿਹਾ ਹੈ । ਓਹਨਾ ਕਿਹਾ ਕਿ ਏਨੇ ਵੱਡੇ ਘਾਟੇ ਕਾਰਨ ਕਿਸਾਨ ਅਤੇ ਓਸ ਨਾਲ ਜੁੜੇ ਮਜਦੂਰ ਮਜਬੂਰਨ ਖ਼ੁਦਕੁਸ਼ੀਆਂ ਦੇ ਰਾਹ ਤੁਰ ਸਕਦਾ ਹੈ। ਓਹਨਾ ਕਿਹਾ ਕਿ ਕਿਉਂਕਿ ਪੰਜਾਬ ਨੇ ਦੇਸ਼ ਦੇ ਕਿਸਾਨਾਂ ਮਜਦੂਰਾਂ ਦੇ ਹੱਕ ਚ ਡੱਟ ਆਵਾਜ਼ ਚੱਕੀ ਹੈ ਜਿਸ ਕਾਰਨ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਪੰਜਾਬ ਦੀ ਬਾਸਮਤੀ ਨੂੰ ਕਿਸੇ ਬਦਲੇ ਦੀ ਭਾਵਨਾ ਤਹਿਤ ਰੋਲਿਆ ਜਾ ਰਿਹਾ ਹੈ।
ਇਸ ਮੌਕੇ ਹਾਜ਼ਿਰ ਬੀ ਕੇ ਯੂ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਕਿਸਾਨ ਦੀ ਕਿਰਤ ਦੇ ਅਜਿਹੀ ਲੁੱਟ ਨਾ ਕੀਤੀ ਜਾ ਸਕੇ ਇਸੇ ਕਰਕੇ ਅੱਜ ਦਿੱਲੀ ਅੰਦੋਲਨ 2 ਵਿੱਚ ਅਸੀਂ ਫ਼ਸਲਾਂ ਦੀ ਖਰੀਦ ਤਹਿ ਐਮ ਐਸ ਪੀ ਤੇ ਕਰਨ ਦੀ ਗਰੰਟੀ ਕਨੂੰਨ ਦੀ ਮੰਗ ਕਰ ਰਹੇ ਹਾਂ। ਓਹਨਾ ਕਿਹਾ ਕਿ ਅਗਰ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿਚ ਤਿੱਖੇ ਐਕਸ਼ਨ ਵੀ ਜਾਣਗੇ। ਓਹਨਾ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਐਕਸ਼ਨ ਲਵੇ ਅਤੇ ਇਸ ਲੁੱਟ ਨੂੰ ਰੋਕੇ। ਓਹਨਾ ਕਿਹਾ ਕਿ ਜਥੇਬੰਦੀ ਵੱਲੋਂ ਲੋਕ ਹਿੱਤਾਂ ਦੀ ਤਰਜ਼ਮਾਨੀ ਕਰਦੇ ਹੋਏ ਅਜਿਹਾ ਹੀ ਰੋਸ ਪ੍ਰਦਰਸ਼ਨ ਜਿਲ੍ਹਾ ਗੁਰਦਾਸਪੁਰ ਵਿੱਚ 30 ਸਤੰਬਰ ਨੂੰ ਕੀਤਾ ਜਾ ਰਿਹਾ ਹੈ। ਓਹਨਾ ਨੇ ਅੱਜ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਓਹਨਾ ਦੇ ਸੁਪਨਿਆਂ ਦਾ ਦੇਸ਼ ਉਸਾਰਨ ਲਈ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਬਿੰਦੂ, ਬਾਜ਼ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਗੁਰਦੇਵ ਸਿੰਘ ਗਗੋਮਾਹਲ, ਕੁਲਜੀਤ ਸਿੰਘ ਕਾਲੇ, ਮੰਗਜੀਤ ਸਿੰਘ ਸਿੱਧਵਾਂ, ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਸੈਕੜੇ ਕਿਸਾਨ ਮਜ਼ਦੂਰ ਹਾਜ਼ਿਰ ਰਹੇ।