ਜ਼ਿਲ੍ਹੇ ‘ਚ ਚੱਲ ਰਹੀ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਜਿਲਾ ਇੰਚਾਰਜ ਅਧਿਕਾਰੀ ਨੇ ਲਿਆ ਜਾਇਜ਼ਾ

ਖ਼ਬਰ ਸ਼ੇਅਰ ਕਰੋ
035610
Total views : 131857
  1. ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ : ਕਮਲ ਕਿਸ਼ੋਰ ਯਾਦਵ
    – ਖਰੀਦ ਏਜੰਸੀਆਂ ਨੂੰ ਲਿਫਟਿੰਗ ਲਈ ਮਿੱਥਿਆ ਰੋਜ਼ਾਨਾ ਦਾ ਟੀਚਾ ਪੂਰਾ ਕਰਨ ਦੀ ਹਦਾਇਤ
    ਅੰਮ੍ਰਿਤਸਰ 21 ਅਕਤੂਬਰ-ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
    ਜ਼ਿਲ੍ਹੇ ਵਿੱਚ ਝੋਨੇ ਦੀ ਚੱਲ ਰਹੀ ਖ਼ਰੀਦ ਅਤੇ ਲਿਫ਼ਟਿੰਗ ਦਾ ਜਿਲੇ ਦੇ ਇੰਚਾਰਜ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਜਾਇਜ਼ਾ ਲਿਆ। ਉਹਨਾਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਬੈਠਕ ਦੌਰਾਨ ਜ਼ਿਲ੍ਹੇ ਦੀ ਹਰੇਕ ਮੰਡੀ ‘ਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਅਤੇ ਲਿਫ਼ਟਿੰਗ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਮੰਡੀਆਂ ਵਿੱਚ ਜਾ ਕੇ ਮੌਕਾ ਵੇਖਿਆ । ਸੈਲਰ ਮਾਲਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਮਿਲਿੰਗ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਜਾਵੇਗੀ।
    ਸ੍ਰੀ ਯਾਦਵ ਨੇ ਕਿਹਾ ਕਿ ਸੂਬੇ ‘ਚ ਚੱਲ ਰਹੀ ਝੋਨੇ ਦੀ ਖ਼ਰੀਦ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖ਼ੁਦ ਮੋਨੀਟਰਿੰਗ ਕਰਕੇ ਰੋਜ਼ਾਨਾ ਜ਼ਿਲ੍ਹੇ ਵਾਰ ਰਿਪੋਰਟ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਸਭ ਤੋਂ ਜ਼ਰੂਰੀ ਇਹ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕਿਸਾਨਾਂ ਵੱਲੋਂ ਮਿਹਨਤ ਨਾਲ ਪਾਲੀ ਫ਼ਸਲ ਨੂੰ ਵੇਚਣ ਸਮੇਂ ਕਿਸਾਨ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਮੂਹ ਸਬੰਧਤ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਮੰਡੀ ‘ਚ ਆਪਣੀ ਜਿਣਸ ਲੈਕੇ ਆਏ ਕਿਸਾਨ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਖ਼ਰੀਦ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
    ਉਹਨਾਂ ਨੇ ਐਫ.ਸੀ.ਆਈ., ਪਨਗ੍ਰੇਨ, ਮਾਰਕਫ਼ੈਡ, ਪਨਸਪ ਤੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰਾਂ ਤੋਂ ਖਰੀਦ ਤੇ ਲਿਫਟਿੰਗ ਸਬੰਧੀ ਜਾਣਕਾਰੀ ਲੈਂਦਿਆਂ ਹਦਾਇਤ ਕੀਤੀ ਕਿ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਵਿੱਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਲਿਫਟਿੰਗ ਦਾ ਰੋਜ਼ਾਨਾ ਦਾ ਟੀਚਾ ਮਿੱਥਿਆ ਤੇ ਕਿਹਾ ਕਿ ਉਹ ਇਸ ਦਾ ਰੋਜ਼ਾਨਾ ਜਾਇਜ਼ਾ ਲੈਣਗੇ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਤਕਰੀਬਨ 5 ਲੱਖ ਮੀਟਰਕ ਟਨ ਝੋਨਾ ਅਤੇ ਬਾਸਮਤੀ ਆ ਚੁੱਕੇ ਹਨ ਜਿਸ ਵਿੱਚੋਂ 4 ਲੱਖ ਟਨ ਦੇ ਕਰੀਬ ਬਾਸਮਤੀ ਅਤੇ ਇਕ ਲੱਖ ਟਨ ਝੋਨਾ ਹੈ ਉਹਨੂੰ ਦੱਸਿਆ ਕਿ ਹੁਣ ਤੱਕ ਕੀਤੀ ਗਈ ਖਰੀਦ ਵਿੱਚੋਂ ਤਕਰੀਬਨ ਸਾਢੇ ਲੱਖ ਟਨ ਝੋਨੇ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਉਹਨਾਂ ਸ੍ਰੀ ਯਾਦਵ ਨੂੰ ਭਰੋਸਾ ਦਵਾਇਆ ਕਿ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲੇ ਵਿੱਚ ਹੁਣ ਤੱਕ ਝੋਨੇ ਦੀ ਖਰੀਦ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਨਾਲੋਂ ਬਿਹਤਰ ਹੋਵੇਗਾ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ਼੍ਰੀ ਸਰਤਾਜ ਸਿੰਘ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਅਮਨਦੀਪ ਸਿੰਘ ਅਤੇ ਹੋਰ ਖਰੀਦ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
    ਕੈਪਸ਼ਨ
    ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ ਸ੍ਰੀ ਕਮਲ ਕਿਸ਼ੋਰ ਯਾਦਵ ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਜੋਤੀ ਬਾਲਾ ਅਤੇ ਹੋਰ ਅਧਿਕਾਰੀ।
    ==–