




Total views : 137884







ਹਲਕੇ ਦੀ ਕੋਈ ਵੀ ਸੜਕ ਨਹੀਂ ਰਹਿਣ ਦਿੱਤੀ ਜਾਵੇਗੀ ਕੱਚੀ- ਈਟੀਓ
ਅੰਮ੍ਰਿਤਸਰ 10 ਅਪ੍ਰੈਲ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ ਵੱਖ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਨੀਹ ਪੱਥਰ ਰੱਖੇ। ਉਹਨਾਂ ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਸੱਤਾ ਸੌਂਪੀ ਹੈ ਅਤੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡੀਆਂ ਆਸਾਂ ਉੱਤੇ ਖਰੇ ਉਤਰੀਏ।
ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਪਿੰਡਾਂ ਨੂੰ ਜਾਂਦੇ ਰਾਹਾਂ ਦਾ ਕੰਮ ਜੰਗੀ ਪੱਧਰ ਉੱਤੇ ਕਰਵਾਇਆ ਜਾ ਰਿਹਾ ਹੈ ਅਤੇ ਹਲਕੇ ਦੀ ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ
ਉਹਨਾਂ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਨਿਜ਼ਾਮਪੁਰਾ, ਮੱਖਣ ਵਿੰਡੀ, ਛੀਨਾ, ਧਰਦਿਓ, ਉਸਮਾ, ਉਦੋਨੰਗਲ, ਉਦੋ ਨੰਗਲ ਖੁਰਦ, ਖੇਲਾ ਅਤੇ ਪੱਲਾ ਵਿੱਚ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖ ਕੇ ਅਧਿਕਾਰੀਆਂ ਨੂੰ ਇਹ ਕੰਮ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਈਟੀਓ ਨੇ ਕਿਹਾ ਕਿ ਇਹਨਾਂ ਵਿੱਚੋਂ ਬਹੁਤੇ ਰਸਤੇ ਉਹ ਹਨ ਜਿਹੜੇ ਪਹਿਲਾਂ ਬਣੇ ਹੀ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਪਿੰਡਾਂ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਦ੍ਰਿੜ ਹਨ ਅਤੇ ਇਸ ਵਾਰ ਦੇ ਬਜਟ ਵਿੱਚ ਇਸ ਕੰਮ ਲਈ ਰਕਮ ਰਾਖਵੀਂ ਰੱਖੀ ਗਈ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਰਸਤੇ ਬਣਾਏ ਜਾ ਰਹੇ ਹਨ , ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਕੰਮ ਕਣਕਾਂ ਦੀ ਵਾਢੀ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਪਿੰਡਾਂ ਵਿੱਚ ਕੂੜੇ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਡ ਸਟੇਡੀਅਮ ਦੀ ਉਸਾਰੀ ਜੰਗੀ ਪੱਧਰ ਉੱਤੇ ਕੀਤੀ ਜਾਵੇਗੀ ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਇਹਨਾਂ ਕੰਮਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੂਰਾ ਕਰਵਾਉਣ ਅਤੇ ਆਪਣੇ ਆਪਣੇ ਪਿੰਡਾਂ ਵਿੱਚ ਸਾਫ ਸੁਥਰਾ ਵਾਤਾਵਰਨ ਪੈਦਾ ਕਰਨ।






