




Total views : 148974







ਅੰਮ੍ਰਿਤਸਰ 23 ਅਪ੍ਰੈਲ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਖਰੀਦ ਕੀਤੀ ਗਈ ਫਸਲ ਨੂੰ ਮੰਡੀਆਂ ਵਿੱਚੋਂ ਨਾਲੋਂ ਨਾਲ ਹੀ ਸਟੋਰਾਂ ਤੱਕ ਪਹੁੰਚਾਉਣ ਦਾ ਕੰਮ ਜਾਰੀ ਰੱਖਣ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
ਇਸੇ ਦੌਰਾਨ ਜਿਲਾ ਮੰਡੀ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਚੱਲ ਰਹੇ ਹਾੜੀ ਦੇ ਸੀਜਨ ਦੌਰਾਨ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 2 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਲਗਭਗ 190000 ਮੀਟ੍ਰਿਕ ਟਨ ਕਣਕ ਦੀ ਖਰੀਦ ਵੀ ਹੋ ਗਈ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਆਮਦ ਬਹੁਤ ਤੇਜ਼ੀ ਨਾਲ ਹੋਈ ਹੈ ਅਤੇ ਥੋੜੇ ਹੀ ਦਿਨਾਂ ਦੇ ਵਿੱਚ ਕੁੱਲ ਸੰਭਾਵਤ ਆਮਦ ਦੀ 25 ਫੀਸਦ ਫਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਉਹਨਾਂ ਦੱਸਿਆ ਕਿ ਖਰੀਦ ਪ੍ਰਬੰਧਾਂ ਨੂੰ ਲੈ ਕੇ ਮੰਡੀਆਂ ਵਿੱਚ ਰੱਤੀ ਭਰ ਵੀ ਦੇਰੀ ਨਹੀਂ ਅਤੇ ਕਣਕ ਦੀ ਖਰੀਦ ਨਾਲੋ ਨਾਲ ਹੀ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ । ਉਹਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਪਹੁੰਚੀ ਫਸਲ ਦਾ ਲਗਭਗ 96 ਫੀਸਦੀ ਖਰੀਦ ਕੀਤਾ ਜਾ ਚੁੱਕਾ ਹੈ।
ਇਸੇ ਦੌਰਾਨ ਜਿਲਾ ਫੂਡ ਸਪਲਾਈ ਕੰਟਰੋਲਰ ਸ੍ਰੀ ਅਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਕੀਤੀ ਗਈ ਕਣਕ ਨੂੰ ਨਾਲੋ ਨਾਲ ਲਿਫਟਿੰਗ ਕਰਨ ਦੀਆਂ ਹਦਾਇਤਾਂ ਵੀ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਨੂੰ ਕੀਤੀਆਂ ਗਈਆਂ ਹਨ ਤਾਂ ਜੋ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਨਾ ਲੱਗਣ।
ਉਹਨਾਂ ਦੱਸਿਆ ਕਿ ਇਸ ਵੇਲੇ ਮੰਡੀਆਂ ਵਿੱਚ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ, ਐਫਸੀਆਈ ਅਤੇ ਕੁਝ ਨਿੱਜੀ ਵਪਾਰੀਆਂ ਵੱਲੋਂ ਕਣਕ ਦੀ ਖਰੀਦ ਜਾਰੀ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਕਣਕ ਦੀ ਲਿਫਟਿੰਗ ਨਾਲੋਂ ਨਾਲ ਚਲਦੀ ਰਹੇ।






