




Total views : 151686







ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ 17 ਮੈਂਬਰੀ ਕਮੇਟੀ ਬਣਾਈ
ਅੰਮ੍ਰਿਤਸਰ, 21 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਸ਼ਹਿਰੀ ਆਵਾਜਾਈ ਅਤੇ ਸਪਲਾਈ ਚੇਨ ਨੂੰ ਸ਼ਹਿਰ ਦੀਆਂ ਲੋੜਾਂ ਅਨੁਸਾਰ ਬਿਹਤਰ ਬਣਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ “ਲੌਜਿਸਟਿਕਸ ਪਲੈਨ” ਬਨਾਉਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਇਸ ਲਈ ਅਜਿਹੀ ਯੋਜਨਾਬੰਦੀ ਕੀਤੀ ਜਾਵੇ ਜਿਸ ਦਾ ਉਦੇਸ਼ ਸਾਮਾਨ ਦੀ ਆਵਾਜਾਈ ਨੂੰ ਅਨੁਕੂਲ ਬਣਾਉਣਾ, ਆਵਾਜਾਈ ਦੀ ਭੀੜ ਨੂੰ ਘਟਾਉਣਾ ਅਤੇ ਵਾਤਾਵਰਣ ਉਤੇ ਪੈਣ ਵਾਲੇ ਨਾਂਹ ਪੱਖੀ ਪ੍ਰਭਾਵਾਂ ਨੂੰ ਘੱਟ ਕਰਨਾ ਸ਼ਾਮਿਲ ਹੋਵੋ।
ਉਹਨਾਂ ਕਿਹਾ ਕਿ ਇਸ ਨਵੀਂ ਯੋਜਨਾਬੰਦੀ ਲਈ ਲੌਜਿਸਟਿਕਸ ਮਾਹਰਾਂ, ਸਥਾਨਕ ਕਾਰੋਬਾਰੀਆਂ, ਡਰਾਈਵਰਾਂ, ਆਵਾਜਾਈ ਅਧਿਕਾਰੀਆਂ, ਟਰੈਫਿਕ ਪੁਲਿਸ, ਹੋਟਲ ਐਸੋਸੀਏਸ਼ਨ, ਰੇਲਵੇ ਅਤੇ ਵਾਤਾਵਰਣ ਯੋਜਨਾਕਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ਹਿਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਧੀਆ ਲੋਜਿਸਟਿਕ ਯੋਜਨਾਬੰਦੀ ਬੇਹੱਦ ਜਰੂਰੀ ਹੈ ਅਤੇ ਇਸ ਲਈ ਅਜਿਹੇ ਪ੍ਰਬੰਧ ਕੀਤੇ ਜਾਣ ਕੇ ਘੱਟ ਤੋਂ ਘੱਟ ਸਮੇਂ ਵਿੱਚ ਸਪਲਾਈ ਚੇਨ ਤੱਕ ਮਾਲ ਪਹੁੰਚਦਾ ਰਹੇ।
ਉਹਨਾਂ ਕਿਹਾ ਕਿ ਇਸਦਾ ਉਦੇਸ਼ ਟ੍ਰੈਫਿਕ ਭੀੜ, ਪ੍ਰਦੂਸ਼ਣ ਅਤੇ ਅਨਿਯੰਤ੍ਰਿਤ ਮਾਲ ਢੋਆ-ਢੁਆਈ ਕਾਰਨ ਹੋਣ ਵਾਲੀਆਂ ਡਿਲੀਵਰੀ ਅਕੁਸ਼ਲਤਾਵਾਂ ਨੂੰ ਘਟਾਉਣਾ ਹੈ। ਉਹਨਾਂ ਇਸ ਲਈ ਮਾਲ ਰੂਟਾਂ ਦਾ ਨਕਸ਼ਾ ਬਨਾਉਣ, ਭੀੜ ਵਾਲੇ ਸਥਾਨਾਂ ਦੀ ਪਛਾਣ ਕਰਨ, ਟਰੱਕ ਟਰਮੀਨਲ, ਲੋਡਿੰਗ ਬੇਅ ਵਰਗੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ, ਸਾਫ਼ ਵਾਹਨਾਂ ਨੂੰ ਉਤਸ਼ਾਹਿਤ ਕਰਨ, ਡਿਲੀਵਰੀ ਸਮਾਂ ਵਿੰਡੋਜ਼ ਸੈੱਟ ਕਰਨ ਦੀ ਹਦਾਇਤ ਕੀਤੀ ਤਾਂ ਜੋ ਸਮਾਂ, ਪੈਸਾ ਬਚੇ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ ।
ਦੱਸਣ ਯੋਗ ਹੈ ਕਿ ਸ਼ਹਿਰੀ ਲੋਜਿਸਟਿਕ ਯੋਜਨਾਬੰਦੀ ਲਈ ਜੋ ਕਮੇਟੀ ਗਠਿਤ ਕੀਤੀ ਗਈ ਹੈ ਉਸ ਵਿੱਚ ਡਿਪਟੀ ਕਮਿਸ਼ਨਰ ਨੂੰ ਚੇਅਰ ਪਰਸਨ ਅਤੇ ਕਮੇਟੀ ਮੈਂਬਰਾਂ ਵਜੋਂ ਪੁਲਿਸ ਕਮਿਸ਼ਨਰ, ਵਧੀਕ ਕਮਿਸ਼ਨਰ ਕਾਰਪੋਰੇਸ਼ਨ, ਏਡੀਸੀ ਸ਼ਹਿਰੀ ਵਿਕਾਸ , ਡਿਪਟੀ ਕਮਿਸ਼ਨਰ ਸਟੇਟ ਟੈਕਸ, ਚੀਫ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ, ਸੈਕਟਰੀ ਆਰਟੀਏ, ਜਨਰਲ ਮੈਨੇਜਰ ਡੀਆਈਸੀ ,ਡਿਸਟਰਿਕਟ ਟਾਊਨ ਪਲੈਨਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਤੌਰ ਮੈਂਬਰ ਲੈ ਕੇ 17 ਮੈਂਬਰੀ ਕਮੇਟੀ ਬਣਾਈ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ, ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਸੈਕਟਰੀ ਆਰ ਟੀ ਏ ਸ੍ਰੀ ਖੁਸ਼ਦਿਲ ਸਿੰਘ, ਜੀਐਮ ਜੀਐਮ ਇੰਡਸਟਰੀ ਸ੍ਰੀ ਮਾਨਵਪ੍ਰੀਤ ਸਿੰਘ, ਡੀਐਫਐਸਸੀ ਅਮਨਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।






