




Total views : 161406






Total views : 161406ਅੰਮ੍ਰਿਤਸਰ, 10 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ 65533 ਏਕੜ ਉਪਜਾਊ ਜ਼ਮੀਨ ਬੇਲੋੜੇ ਤੇ ਬੇਢੰਗੇ ਸ਼ਹਿਰੀ ਕਰਨ ਕਰਨ ਲਈ ਐਕਵਾਇਰ ਕੀਤੀ ਹੈ ਤੇ ਅਜੇ 1 ਲੱਖ ਏਕੜ ਹੋਰ ਵੱਡੇ ਉਦਯੋਗ ਲਾਉਣ ਲਈ ਉਦਯੋਗਿਕ ਪਾਰਕ ਦੇ ਨਾਮ ਹੇਠ ਕਿਸਾਨਾਂ ਤੋਂ ਖੋਹਣ ਦੀ ਤਿਆਰੀ ਹੈ। ਉਨਾਂ ਕਿਹਾ ਕਿ ਇਸ ਧੱਕੇ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੇ ਗਏ 11 ਅਗਸਤ ਨੂੰ ਪੰਜਾਬ ਭਰ ‘ਚ ਮੋਟਰਸਾਈਕਲ ਮਾਰਚ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 15 ਜ਼ਿਲਿਆਂ ਜਿਵੇਂ ਮੋਗਾ, ਮੁਕਤਸਰ, ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ, ਬਠਿੰਡਾ ਆਦਿ ਵਿੱਚ ਹਜ਼ਾਰਾਂ ਕਿਸਾਨਾਂ, ਮਜਦੂਰਾਂ, ਬੀਬੀਆਂ ਵੱਲੋਂ ਪੂਰੇ ਰੋਹ ਨਾਲ ਮਾਰਚ ਵਿੱਚ ਹਿੱਸਾ ਲੈ ਕੇ 1 ਇੰਚ ਵੀ ਜ਼ਮੀਨ ਨਾ ਦੇਣ ਦੇ ਐਲਾਨ ਕੀਤਾ ਜਾਵੇਗਾ।
ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਇਸੇ ਮਸਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੁੱਕੜ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋ ਕੇ ਵੱਡੀ ਤਾਦਾਦ ‘ਚ ਕਿਸਾਨ, ਮਜ਼ਦੂਰ, ਬੀਬੀਆਂ, ਨੋਜਵਾਨ, ਬੱਚੇ ਇਸ ਲੋਕ ਵਿਰੋਧੀ ਰਾਜ ਪ੍ਰਬੰਧ ਤੇ ਕਾਰਪੋਰੇਟ ਜਗਤ ਦੀਆਂ ਜੜ੍ਹਾਂ ਵਿੱਚ ਤੇਲ ਦੇਣਗੇ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਪਿੰਡਾਂ ਵਿੱਚ ਮਤੇ ਪਾਸ ਕਰਕੇ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਭਾਜਪਾ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਵੜਨ ਨਾਂ ਦੇਣ ਦੇ ਫੈਸਲੇ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਪਿੰਡਾਂ ਵਿੱਚ ਬੋਰਡ ਲੱਗ ਰਹੇ ਹਨ।
ਕਿਸਾਨ ਆਗੂ ਨੇ ਅੱਗੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਲੜੇ ਜਾ ਰਹੇ ਸੰਘਰਸ਼ ਦੀ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਪੂਰੀ ਪੂਰੀ ਹਮਾਇਤ ਕੀਤੀ ਜਾਂਦੀ ਹੈ ਤੇ ਕਿਸੇ ਵੀ ਕੀਮਤ ਉਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਉਨਾਂ ਮੰਗ ਕੀਤੀ ਕਿ ਕਿਸਾਨਾਂ,ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਸ਼ੰਭੂ, ਖਨੌਰੀ ਬਾਰਡਰਾਂ ਉਤੇ ਪੁਲਿਸ ਜ਼ਬਰ ਕਰਦਿਆਂ 3 ਕਰੋੜ 77 ਲੱਖ ਰੁਪਏ ਦੀਆਂ ਵਸਤਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਤਰੁੰਤ ਕੀਤੀ ਜਾਵੇ ਤੇ ਅਬਾਦਕਾਰ ਕਿਸਾਨਾਂ ਨੂੰ ਵਿਧਾਨਸਭਾ ਵਿੱਚ ਕਾਨੂੰਨ ਬਣਾਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ।







