




Total views : 154252







ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ – ਭੁੱਲਰ
ਸ਼ਹੀਦਾਂ ਦੀਆਂ ਸਥਾਨਾਂ ਉਤੇ ਲਗਦੇ ਰਹਿਣਗੇ ਮੇਲੇ – ਚਾਵਲਾ
ਸਾਨੂੰ ਮਾਣ ਹੈ ਕਿ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਬੇਟਾ ਸੀ – ਗੁਪਤਾ
-ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮ
ਅੰਮ੍ਰਿਤਸਰ, 17 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਸਬੰਧੀ ਰਾਜ ਪੱਧਰੀ ਸਮਾਗਮ ਜੋ ਕਿ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਗੋਲ ਬਾਗ ਵਿਖੇ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਅਤੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ.ਟੀ.ਓ. ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਦੋਵਾਂ ਕੈਬਨਿਟ ਮੰਤਰੀਆਂ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਉਤੇ ਫੁੱਲ ਮਲਾਵਾਂ ਅਰਪਿਤ ਕਰਕੇ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨਾਂ ਨਾਲ ਵਿਧਾਇਕ ਡਾ. ਅਜੈ ਗੁਪਤਾ, ਮੇਅਰ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਚੇਅਰਮੈਨ ਸ੍ਰੀ ਕਰਮਜੀਤ ਸਿੰਘ ਰਿੰਟੂ , ਡਿਪਟੀ ਪੁਲਿਸ ਕਮਿਸ਼ਨਰ ਸ੍ਰੀ ਆਲਮ ਵਿਜੈ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਐਸ.ਡੀ.ਐਮ. ਸ: ਗੁਰਸਿਮਰਨ ਸਿੰਘ ਢਿਲੋਂ, ਸ੍ਰੀ ਜਸਕਰਨ ਬੰਦੇਸ਼ਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾ ਦੇ ਫੁੱਟ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਹੈ। ਉਨਾਂ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਤੇ ਉਨਾਂ ਦੇ ਪਰਿਵਾਰ ਦੇਸ਼ ਦਾ ਅਨਮੋਲ ਵਿਰਸਾ ਅਤੇ ਸਰਮਾਇਆ ਹਨ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਗਏ ਰਸਤੇ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਲੱਖਾਂ ਹੀ ਦੇਸ਼ ਭਗਤਾਂ, ਸ਼ੂਰਬੀਰ ਯੋਧਿਆਂ ਨੇ ਕੁਰਬਾਨੀ ਦਿੱਤੀ ਹੈ, ਜਿੰਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਫਿਜਾਂ ਵਿੱਚ ਘੁੰਮ ਰਹੇ ਹਾਂ ਅਤੇ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਇਸ ਮੌਕੇ ਕੈਬਨਿਟ ਮੰਤਰੀ ਸ: ਭੁੱਲਰ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰੀ ਸਮਾਰਕ ਨੂੰ 5 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਮੌਕੇ ਉੱਤੇ ਹੀ ਜਾਰੀ ਕਰਕੇ ਟਰੱਸਟ ਨੂੰ ਪੱਤਰ ਸੌਂਪਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਸ਼ਹੀਦਾਂ ਵਲੋਂ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਦ੍ਰਿੜ ਸੰਕਲਪ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਆਪਣਾ ਅਹੁਦਾ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੀ ਸੰਭਾਲਿਆ ਸੀ ਅਤੇ ਉਨਾਂ ਦਾ ਮੁੱਖ ਮਕਸਦ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ੂਰਬੀਰਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ।
ਵਿਧਾਇਕ ਡਾ. ਅਜੈ ਗੁਪਤਾ ਨੇ ਸ਼ਹੀਦ ਢੀਂਗਰਾ ਨੂੰ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਉਸ ਸ਼ਹਿਰ ਦੇ ਵਾਸੀ ਹਾਂ ਜਿੱਥੇ ਮਦਨ ਲਾਲ ਢੀਂਗਰਾ ਨੇ ਜਨਮ ਲਿਆ। ਉਨਾਂ ਨੇ ਸ਼ਹੀਦ ਦੀ ਯਾਦ ਵਿੱਚ ਰਾਜ ਪੱਧਰੀ ਪ੍ਰੋਗਰਾਮ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਸਾਨੂੰ ਆਜ਼ਾਦੀ ਦਿਵਾਈ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਆਜ਼ਾਦੀ ਨੂੰ ਬਰਕਾਰ ਰੱਖਣ ਲਈ ਆਪਣਾ ਯੋਗਦਾਨ ਪਾਈਏ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਮੈਡਮ ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਸ਼ਹੀਦਾਂ ਦੇ ਸਥਾਨਾਂ ਤੇ ਇਸ ਤਰ੍ਹਾਂ ਦੇ ਮੇਲੇ ਸਦਾ ਲਗਦੇ ਰਹਿਣਗੇ। ਉਨਾਂ ਸ਼ਹੀਦ ਦੀ ਯਾਦਗਾਰ ਸਥਾਪਿਤ ਕਰਨ ਲਈ ਬੀਤੇ ਸਮੇ ਦੌਰਾਨ ਕੀਤੇ ਸੰਘਰਸ਼ ਨੂੰ ਯਾਦ ਕੀਤਾ ਅਤੇ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਸਮਾਗਮ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ। ਸਮਾਗਮ ਮੌਕੇ ਸਕੂਲੀ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਅਤੇ ਪੁਲਿਸ ਬੈਂਡ ਵਲੋਂ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤੀ ਦੀਆਂ ਧੁੰਨ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਇਸ ਤੋਂ ਪਹਿਲਾਂ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਵਲੋਂ ਟਾਉਨ ਹਾਲ ਵਿਖੇ ਵੱਡਾ ਸਮਾਗਮ ਹੋਇਆ। ਜਿਥੇ ਸਥਿਤ ਸ਼ਹੀਦ ਮਦਨ ਲਾਲ ਦੇ ਬੁੱਤ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸ਼ਹੀਦ ਦੀ ਯਾਦ ਵਿਚ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 50 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰ ਸਮਾਰਕ ਕਮੇਟੀ ਵਲੋਂ ਦੋਵੇਂ ਕੈਬਨਿਟ ਮੰਤਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ, ਚੇਅਰਮੈਨ ਸ੍ਰੀ ਹਰਪ੍ਰੀਤ ਸਿੰਘ ਆਹਲੂਵਾਲੀਆ, ਚੇਅਰਮੈਨ ਸ੍ਰੀ ਦਿਲਬਾਗ ਸਿੰਘ, ਚੇਅਰਮੈਨ ਸ੍ਰੀ ਸਤਪਾਲ ਸੋਖੀ, ਐਸ.ਈ. ਸ: ਸੰਦੀਪ ਸਿੰਘ, ਸ੍ਰੀ ਅਰਵਿੰਦਰ ਭੱਟੀ, ਮੈਡਮ ਮਾਲਾ ਚਾਵਲਾ, ਸ੍ਰੀ ਮਨਦੀਪ ਸਿੰਘ ਮੰਨਾ, ਹੁਸਨਪ੍ਰੀਤ ਸਿੰਘ ਸਿਆਲਕਾ, ਕੌਂਸਲਰ ਸ੍ਰੀ ਵਿੱਕੀ ਦੱਤਾ ਅਤੇ ਹੋਰ ਸਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹੀਦਾਂ ਦੇ ਪਰਿਵਾਰ ਵੀ ਹਾਜ਼ਰ ਸਨ।






