Flash News

ਮਾਝਾ ਵਿਰਾਸਤ ਟਰਸਟ ਵੱਲੋਂ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਅਜਨਾਲਾ ਵਿਖੇ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਰੋਹ-

ਖ਼ਬਰ ਸ਼ੇਅਰ ਕਰੋ
048245
Total views : 162084

ਅਜਨਾਲਾ/ ਅੰਮ੍ਰਿਤਸਰ, 27 ਸਤੰਬਰ(ਡਾ. ਮਨਜੀਤ ਸਿੰਘ)- ਮਾਝਾ ਵਿਰਾਸਤ ਟਰਸਟ (ਰਜਿ) ਵੱਲੋਂ ਅੱਜ 28 ਸਤੰਬਰ, ਐਤਵਾਰ ਨੂੰ ਅਜਨਾਲਾ ਸ਼ਹਿਰ ਚ ਪਹਿਲੇ ਜੰਗੇ ਆਜ਼ਾਦੀ 1857 ਦੇ ਕਾਲਿਆਂ ਵਾਲੇ ਖੂਹ ਦੇ 282 ਸ਼ਹੀਦਾਂ ਦੇ ਨਜ਼ਰਬੰਦ ਸਥਾਨ ਪੁਰਾਣੀ ਤਹਿਸੀਲ (ਕਿਲ੍ਹਾ) ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਰੋਹ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵਿਕਾ ਤੇ ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਜੋ ਸਾਬਕਾ ਮੰਤਰੀ ਪੰਜਾਬ ਤੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਦ ਬੇਟੀ ਹਨ , ਹੋਣਗੇ।
ਅੱਜ ਇਥੇ ਇਹ ਜਾਣਕਾਰੀ ਸਮਾਰੋਹ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਮਾਝਾ ਵਿਰਾਸਤ ਟਰਸਟ ਦੀ ਬੁਲਾਈ ਗਈ ਮੀਟਿੰਗ ਉਪਰੰਤ ਟਰਸਟ ਦੇ ਪ੍ਰਧਾਨ ਐੱਸ ਪਰਸ਼ੋਤਮ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋ , ਚੇਅਰਮੈਨ ਅਮਿਤ ਔਲ ਤੇ ਟਰੱਸਟੀ ਦਵਿੰਦਰ ਸਿੰਘ ਸੋਨੂ ਨੇ ਸਾਂਝੇ ਤੌਰ ਤੇ ਦਿੱਤੀ। ਪ੍ਰਧਾਨ ਐਸ ਪਰਸ਼ੋਤਮ ਨੇ ਸਮਾਰੋਹ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਰੋਹ ਸਵੇਰੇ ਠੀਕ 10:30 ਵਜੇ ਤੋਂ ਲੈ ਕੇ 11:30 ਵਜੇ ਤੱਕ ਹੋਵੇਗਾ। ਜਿਸ ਦੌਰਾਨ ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਸਮੇਤ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਸ਼ਹੀਦੇ ਆਜਮ ਭਗਤ ਸਿੰਘ ਦੇ ਜੀਵਨ ਤੇ ਵਿਸਥਾਰ ਨਾਲ ਝਾਤ ਪਾਉਂਦਿਆਂ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਮਾਜਿਕ ਬੁਰਾਈਆਂ ਤੋਂ ਲੋਕਾਂ ਨੂੰ ਕੋਹਾਂ ਦੂਰ ਰਹਿਣ ਦਾ ਸੱਦਾ ਵੀ ਦੇਣਗੇ। ਉੱਘੇ ਗਾਇਕ ਦੀਪਕ ਕੌਸ਼ਲ, ਦੇਸ਼ ਭਗਤੀ ਦੇ ਗੀਤਾਂ ਨਾਲ ਸਰੋਤਿਆਂ ਤੇ ਹਾਜ਼ਰੀਨ ਨੂੰ ਸੱਭਿਆਚਾਰਕ ਕ੍ਰਾਂਤੀ ਤੇ ਦੇਸ਼ ਭਗਤੀ ਨਾਲ ਲਬਰੇਜ ਕਰਨਗੇ। ਇਸ ਵੇਰ ਦਾ ਵੱਕਾਰੀ ਸ਼ਹੀਦੇ ਆਜਮ ਭਗਤ ਸਿੰਘ ਯਾਦਗਰੀ ਮਹਿਲਾ ਸੇਵਾ ਭਾਵ ਅਵਾਰਡ – 2025, ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਦੀਆਂ ਨਿਰੰਤਰ ਸਮਾਜਿਕ ਸੇਵਾਵਾਂ ਸਮੇਤ ਹਾਲ ਹੀ ਵਿੱਚ ਅਜਨਾਲਾ ਖੇਤਰ ਦੇ ਪਿੰਡਾਂ ਤੇ ਕਸਬਿਆਂ ਚ ਆਏ ਭਿਅੰਕਰ ਹੜਾ ਦੀ ਮਾਰ ‘ ਚ ਹੜ੍ਹ ਪੀੜਤਾਂ ਲਈ ਨਿਭਾਈਆਂ ਗਈਆਂ ਨਿਸ਼ਕਾਮ ਸੇਵਾਵਾਂ ਦੇ ਇਵਜ ਚ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮਾਰੋਹ ਦੇ ਅੰਤਲੇ ਪੜਾਅ ਚ ਮੁੱਖ ਮਹਿਮਾਨ ਸਮੇਤ ਸਮੂਹ ਹਾਜ਼ਰੀਨ ਆਪਣੇ ਹੱਥਾਂ ਚ ਜਗਦੀਆਂ ਮੋਮਬੱਤੀਆਂ ਫੜ ਕੇ ਸ਼ਹੀਦੀ ਆਜਮ ਭਗਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਹੋਕਾ ਦਿੰਦੇ ਕੈਂਡਲ ਮਾਰਚ ਕਰਨਗੇ।

ਕੈਪਸਨ – ਮੀਟਿੰਗ ਉਪਰੰਤ ਜਾਣਕਾਰੀ ਦੇਣ ਸਮੇਂ ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਸ: ਐਸ ਪਰਸ਼ੋਤਮ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋ , ਚੇਅਰਮੈਨ ਅਮਿਤ ਔਲ ਤੇ ਹੋਰ।