ਕਿਸਾਨ ਮੰਡੀਆਂ ਵਿੱਚ ਝੋਨਾ ਲਿਆਉਣ ਤੋਂ ਪਹਿਲਾਂ ਅਨਾਜ ਪੋਰਟਲ ਉੱਤੇ ਆਪਣਾ ਮੋਬਾਈਲ ਨੰਬਰ , ਆਧਾਰ ਕਾਰਡ ਅਪਡੇਟ ਜਰੂਰ ਕਰਵਾਉਣ -ਜਿਲਾ ਮੰਡੀ ਅਫਸਰ

ਖ਼ਬਰ ਸ਼ੇਅਰ ਕਰੋ
048054
Total views : 161400

ਅੰਮ੍ਰਿਤਸਰ, 27 ਸਤੰਬਰ-(ਡਾ. ਮਨਜੀਤ ਸਿੰਘ)- ਜ਼ਿਲਾ ਮੰਡੀ ਅਫ਼ਸਰ ਸ ਰਮਨਦੀਪ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਫਸਲ ਵੇਚਣ ਲਈ ਮੰਡੀ ਲਿਆਉਣ ਤੋਂ ਪਹਿਲਾਂ-ਪਹਿਲਾਂ ਆਪਣੇ ਆੜਤੀਏ ਨਾਲ ਸੰਪਰਕ ਕਰਕੇ ਅਨਾਜ ਪੋਰਟਲ ਉੱਤੇ ਆਪਣਾ ਮੋਬਾਈਲ ਨੰਬਰ, ਆਧਾਰ ਕਾਰਡ ਜੋ ਕਿ ਬੈਂਕ ਖਾਤੇ ਨਾਲ ਅਟੈਚ ਹੋਵੇ, ਜਰੂਰ ਅਪਡੇਟ ਕਰਵਾਉਣ‌। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀ ਖਰੀਦ ਲਈ ਕਿਸਾਨ ਦਾ ਮੋਬਾਈਲ ਨੰਬਰ ਪੋਰਟਲ ਉੱਤੇ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਉਹ ਕਿਸਾਨ ਜਿਨਾਂ ਨੇ ਆਪਣਾ ਮੋਬਾਈਲ ਨੰਬਰ ਬਦਲਿਆ ਹੈ, ਉਹ ਹਰ ਹਾਲਤ ਵਿੱਚ ਆਪਣੇ ਆੜਤੀਏ ਨਾਲ ਸੰਪਰਕ ਕਰਕੇ ਨਵਾਂ ਨੰਬਰ ਅਪਡੇਟ ਕਰਵਾ ਦੇਣ। ਉਹਨਾਂ ਕਿਹਾ ਕਿ ਇਹ ਖੁਰਾਕ ਸਪਲਾਈ ਵਿਭਾਗ ਵੱਲੋਂ ਸਹੂਲਤ ਆੜਤੀਆਂ ਨੂੰ ਦਿੱਤੀ ਗਈ ਹੈ, ਸੋ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਅਪਡੇਟ ਕਰਵਾ ਸਕਦੇ ਹੋ।
ਉਹਨਾਂ ਨੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਤਿਆਰ ਹੈ ਅਤੇ ਤੁਸੀਂ ਕਿਸੇ ਕਾਹਲੀ ਵਿੱਚ ਝੋਨੇ ਦੀ ਕਟਾਈ ਨਾ ਕਰੋ ਬਲਕਿ ਨਮੀ ਦੀ ਮਾਤਰਾ ਜੋ ਕਿ 17 ਫੀਸਦੀ ਤੋਂ ਘੱਟ ਹੋਵੇ, ਨੂੰ ਧਿਆਨ ਵਿੱਚ ਰੱਖਦੇ ਹੋਏ ਝੋਨੇ ਦੀ ਕਟਾਈ ਕਰੋ। ਇਸ ਦੇ ਨਾਲ ਹੀ ਰਾਤ 6 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਈਨ ਨਾ ਚਲਾਓ ਤਾਂ ਜੋ ਝੋਨੇ ਵਿੱਚ ਨਮੀ ਨਾ ਆਵੇ ਅਤੇ ਅਸੀਂ ਤੁਹਾਨੂੰ ਨਾਲ ਦੀ ਨਾਲ ਝੋਨਾ ਖਰੀਦ ਕੇ ਮੰਡੀ ਵਿੱਚੋਂ ਵਿਹਲੇ ਕਰ ਸਕੀਏ।