ਆਈ.ਜੀ. ਰਾਠੋਰ ਅਤੇ ਐਸ.ਐਸ.ਪੀ. ਵਤਸਲਾ ਗੁਪਤਾ ਦੀ ਅਗਵਾਈ ֹ’ਚ ਚੱਲੀ ਤਲਾਸ਼ੀ ਮੁਹਿੰਮ

ਖ਼ਬਰ ਸ਼ੇਅਰ ਕਰੋ
035612
Total views : 131859

ਆਪਰੇਸ਼ਨ ਕਾਸੋ ਤਹਿਤ 4 ਮੁਕੱਦਮੇ ਦਰਜ, 3 ਕਾਬੂ, ਹੈਰੋਈਨ, ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ

ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ: ਐਸ.ਐਸ.ਪੀ.

ਕਪੂਰਥਲ਼ਾ, 8 ਜਨਵਰੀ — ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿਚ ਅੱਜ ਚਲਾਏ ਗਏ ਤਲਾਸ਼ੀ ਅਭਿਆਨ ਤਹਿਤ ਸਥਾਨਕ ਸਿਟੀ ਪੁਲਿਸ ਸਟੇਸ਼ਨ ਦੇ ਖੇਤਰ ’ਚ ਇੰਸਪੈਕਟਰ ਜਨਰਲ ਆਫ ਪੁਲਿਸ (ਜੀ.ਆਰ.ਪੀ.) ਪਟਿਆਲਾ ਬਲਜੋਤ ਸਿੰਘ ਰਾਠੋਰ ਦੀ ਨਿਗਰਾਨੀ ਹੇਠ ਐਸ.ਐਸ.ਪੀ. ਵਤਸਲਾ ਗੁਪਤਾ ਦੀ ਅਗਵਾਈ ਵਿਚ ਵੱਖ-ਵੱਖ ਖੇਤਰਾਂ ’ਚ ਚੈਕਿੰਗ ਕੀਤੀ ਗਈ।

ਆਪਰੇਸ਼ਨ ’ਕਾਸੋ’ ਤਹਿਤ ਭੈੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਸਬੰਧੀ ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਅੱਜ ਪੁਲਿਸ ਪਾਰਟੀਆਂ ਵਲੋਂ ਸ਼ੱਕੀ ਵਿਅਕਤੀਆਂ, ਮਾੜੇ ਅਨਸਰਾਂ ਅਤੇ ਵੱਖ-ਵੱਖ ਮਾਮਲਿਆਂ ਵਿਚ ਭਗੌੜੇ ਵਿਅਕਤੀਆਂ ਦੇ ਰਿਹਾਇਸ਼ੀ ਥਾਵਾਂ ’ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 4 ਮੁਕੱਦਮੇ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 100 ਗ੍ਰਾਮ ਹੈਰੋਈਨ, 170 ਨਸ਼ੀਲੀਆਂ ਗੋਲੀਆਂ ਅਤੇ 104 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ।

ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂਚਨਾ ਫੌਰੀ ਤੌਰ ’ਤੇ ਪੁਲਿਸ ਨੂੰ ਦੇਣ ਲਈ ਵੀ ਕਿਹਾ ਗਿਆ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਸਮੇਂ ਸਿਰ ਵਾਪਰਨੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੂਰੀ ਵਚਨਬੱਧ ਹੈ ਅਤੇ ਇਹ ਆਪਰੇਸ਼ਨ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਟੀਮਾਂ ਵਲੋਂ ਵੱਖ-ਵੱਖ ਇਲਾਕਿਆਂ, ਭੀੜ-ਭਾੜ ਵਾਲੀਆਂ ਥਾਵਾਂ, ਬੱਸ ਸਟੈਂਡ ਆਦਿ ’ਤੇ ਪੁਲਿਸ ਟੀਮਾਂ ਤਾਇਨਾਤ ਕਰਕੇ ਤਲਾਸ਼ੀ ਮੁਹਿੰਮ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਜ਼ਿਲ੍ਹਾ ਪੁਲਿਸ ਵਲੋਂ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

 

Kapurthala Police

#CASO