




Total views : 169818






Total views : 169818ਜੰਡਿਆਲਾ ਗੁਰੂ, 17 ਅਕਤੂਬਰ-(ਨਸੀਹਤ ਟੂਡੇ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰਘੁਨਾਥ ਡਾਲੀਆਣਾ ਮੰਦਰ, ਜੰਡਿਆਲਾ ਗੁਰੂ ਵਿਖੇ ਤਿੰਨ ਰੋਜ਼ਾ ‘ਰਾਮ ਸੁਮਿਰ ਮੇ’ ਪ੍ਰੋਗਰਾਮ ਦੇ ਅੰਤਰਗਤ ਸ੍ਰੀ ਰਾਮ ਕਥਾਮ੍ਰਿਤ ਦਾ ਭਵਿਆ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਦੂਜੇ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਵਿਰੇਸ਼ਾ ਭਾਰਤੀ ਜੀ ਨੇ ਪ੍ਰਭੂ ਸ੍ਰੀ ਰਾਮ ਦੀਆਂ ਦਿਵਯ ਲੀਲਾਵਾਂ ਦੀ ਅਧਿਆਤਮਿਕ ਵਿਆਖਿਆ ਕਰਦਿਆਂ ਸ਼ਰਧਾਲੂਆਂ ਨੂੰ ਆਤਮ-ਚਿੰਤਨ, ਬ੍ਰਹਮਗਿਆਨ ਅਤੇ ਸਤਿਗੁਰੂ ਦੀ ਮਹਿਮਾ ਤੋਂ ਜਾਣੂ ਕਰਵਾਇਆ।
ਸਾਧਵੀ ਜੀ ਨੇ ਸਮਝਾਇਆ ਕਿ ਰਾਮਾਇਣ ਵਿੱਚ ਵਰਣਿਤ ਜੰਗਲ ਕੇਵਲ ਬਾਹਰੀ ਜੰਗਲ ਨਹੀਂ ਹੈ, ਸਗੋਂ ਸਾਡਾ ਮਨ ਵੀ ਵਿਕਾਰਾਂ ਨਾਲ ਭਰੇ ਜੰਗਲ ਦੇ ਸਮਾਨ ਹੈ। ਤਾੜਕਾ, ਸੁਬਾਹੂ ਅਤੇ ਮਾਰੀਚ ਵਰਗੀਆਂ ਆਸੁਰੀ ਸ਼ਕਤੀਆਂ ਮਨ ਵਿੱਚ ਮੌਜੂਦ ਲੋਭ, ਮੋਹ, ਹੰਕਾਰ ਅਤੇ ਅਗਿਆਨਤਾ ਦੀਆਂ ਪ੍ਰਤੀਕ ਹਨ। ਜਿਸ ਤਰ੍ਹਾਂ ਪ੍ਰਭੂ ਸ੍ਰੀ ਰਾਮ ਦੇ ਆਗਮਨ ਨਾਲ ਜੰਗਲ ਵਿੱਚ ਆਸੁਰੀ ਸ਼ਕਤੀਆਂ ਦਾ ਅੰਤ ਹੋਇਆ ਅਤੇ ਸ਼ਾਂਤੀ ਦਾ ਵਾਤਾਵਰਣ ਸਥਾਪਿਤ ਹੋਇਆ, ਉਸੇ ਤਰ੍ਹਾਂ ਜਦੋਂ ਸਾਡੇ ਅੰਤਰਮਨ ਵਿੱਚ ਪ੍ਰਭੂ ਸ੍ਰੀ ਰਾਮ ਦਾ ਪ੍ਰਗਟਾਵਾ ਹੁੰਦਾ ਹੈ, ਤਾਂ ਜੀਵਨ ਦੇ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਾਰਗ ਖੁੱਲ੍ਹਦਾ ਹੈ। ਇਸ ਲਈ ਕੇਵਲ ਬਾਹਰੀ ਪੂਜਾ-ਪਾਠ ਹੀ ਕਾਫ਼ੀ ਨਹੀਂ, ਸਗੋਂ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਣੇ ਅੰਦਰ ਵੱਸਦੇ ਪਰਮਾਤਮਾ ਦਾ ਸਾਕਸ਼ਾਤਕਾਰ ਕਰਨਾ ਵੀ ਜ਼ਰੂਰੀ ਹੈ।
ਸਾਧਵੀ ਜੀ ਨੇ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਗੁਰੂ ਨੂੰ ਤਾਂ ਧਾਰਨ ਕਰ ਲੈਂਦੇ ਹਨ, ਪਰ ਇੱਕ ਸੱਚੇ ਸਤਿਗੁਰੂ ਦੀ ਪਛਾਣ ਦੇ ਅਸਲ ਅਧਿਆਤਮਿਕ ਆਧਾਰ ਤੋਂ ਅਣਜਾਣ ਰਹਿੰਦੇ ਹਨ। ਕਿਸੇ ਦੇ ਬਾਹਰੀ ਵਿਅਕਤਿਤਵ, ਮਿੱਠੀ ਬੋਲੀ, ਪ੍ਰਸਿੱਧੀ ਜਾਂ ਅਨੁਯਾਈਆਂ ਦੀ ਗਿਣਤੀ ਦੇ ਆਧਾਰ ’ਤੇ ਉਸ ਦੀ ਅਧਿਆਤਮਿਕ ਸੰਪੂਰਨਤਾ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਦਾ। ਸ਼ਾਸਤਰਾਂ ਵਿੱਚ ਵੀ ਵਿਵੇਕ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਹੈ। ਸੱਚਾ ਸਤਿਗੁਰੂ ਉਹੀ ਹੁੰਦਾ ਹੈ, ਜੋ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਜਗਾ ਕੇ ਉਸ ਨੂੰ ਪਰਮਾਤਮਾ ਦਾ ਪ੍ਰਤੱਖ ਅਨੁਭਵ ਕਰਵਾਉਣ ਦੇ ਸਮਰੱਥ ਹੋਵੇ।
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਪਰਮ ਪੂਜਨੀਕ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਇਸੇ ਸਨਾਤਨ ਬ੍ਰਹਮਗਿਆਨ ਰਾਹੀਂ ਮਨੁੱਖੀ ਜੀਵਨ ਵਿੱਚ ਅਧਿਆਤਮਿਕ ਜਾਗ੍ਰਿਤੀ ਦਾ ਮਾਰਗ ਪ੍ਰਸ਼ਸਤ ਕਰ ਰਹੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਬ੍ਰਹਮਗਿਆਨ ਦੀ ਪ੍ਰਾਪਤੀ ਰਾਹੀਂ ਮਨੁੱਖ ਆਪਣੇ ਅੰਦਰ ਪਰਮਾਤਮਾ ਦੀ ਅਨੁਭੂਤੀ ਕਰ ਸਕਦਾ ਹੈ ਅਤੇ ਜੀਵਨ ਨੂੰ ਅਗਿਆਨਤਾ ਤੋਂ ਗਿਆਨ, ਅਸ਼ਾਂਤੀ ਤੋਂ ਸ਼ਾਂਤੀ ਅਤੇ ਬੰਧਨਾਂ ਤੋਂ ਮੁਕਤੀ ਵੱਲ ਲੈ ਕੇ ਜਾ ਸਕਦਾ ਹੈ। ‘ਰਾਮ ਸੁਮਿਰ ਮੇ’ ਪ੍ਰੋਗਰਾਮ ਦਾ ਸੰਦੇਸ਼ ਹੈ ਕਿ ਪ੍ਰਭੂ ਸ੍ਰੀ ਰਾਮ ਦੀ ਮਹਿਮਾ ਦਾ ਅਸਲ ਆਨੰਦ ਉਦੋਂ ਹੀ ਪ੍ਰਾਪਤ ਹੋ ਸਕਦਾ ਹੈ, ਜਦੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਦਿਵਯ ਸਰੂਪ ਦਾ ਆਪਣੇ ਅੰਦਰ ਸਾਕਸ਼ਾਤਕਾਰ ਵੀ ਕੀਤਾ ਜਾਵੇ। ਪ੍ਰੋਗਰਾਮ ਦੌਰਾਨ ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ, ਸਵਾਮੀ ਰੰਜੀਤਾਨੰਦ ਜੀ, ਸਵਿੰਦਰ ਸਿੰਘ ਬਬਲਾ, ਅਵਤਾਰ ਸਿੰਘ ਰਿੰਕੂ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਪਰਸਨ ਸਿੰਘ ਮੌਜੂਦ ਰਹੇ।







