Total views : 131855
ਬਟਾਲਾ, 9 ਜਨਵਰੀ — ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਥੈਟਿਕ/ਪਲਾਸਟਿਕ ਡੋਰ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਅੱਗੇ ਆਉਣ। ਉਨਾਂ ਦੱਸਿਆ ਕਿ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹੇ ਅੰਦਰ ਪਲਾਸਟਿਕ/ਸੰਥੈਟਿਕ ਡੋਰ ਜਿਸਨੂੰ ਚਾਈਨਾ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ਡੋਰ ਨਾਲ ਪਤੰਗਬਾਜ਼ੀ ਕਰਨ ਅਤੇ ਉਸਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜਿਹੜਾ ਵੀ ਵਿਅਕਤੀ ਪਲਾਸਟਿਕ/ਸੰਥੈਟਿਕ ਡੋਰ ਦੀ ਵਿਕਰੀ ਜਾਂ ਵਰਤੋਂ ਕਰੇਗਾ ਉਸ ਖਿਲਾਫ ਸਖਤ ਧਾਰਾ 188 ਦੇ ਨਾਲ-ਨਾਲ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਤਹਿਤ ਕਾਨੂੰਨੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਐਸ.ਡੀ.ਐਮ ਬਟਾਲਾ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਤੇ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਇਸ ਮਾੜੇ ਰੁਝਾਨ ਨੂੰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਪ੍ਰਸ਼ਾਸਨ ਵੱਲੋਂ ਉਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਥੈਟਿਕ/ਪਲਾਸਟਿਕ ਡੋਰ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਅੱਗੇ ਆਉਣ ਤੇ ਪਤੰਗਬਾਜ਼ੀ ਲਈ ਸੂਤੀ ਧਾਗੇ ਦੀ ਡੋਰ ਦੀ ਵਰਤੋਂ ਕਰਨ
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਇੱਕ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਹੈਲਪ ਲਾਈਨ ਨੰਬਰ 1800-180-1852 ਜਾਰੀ ਕੀਤਾ ਗਿਆ ਹੈ, ਜਿਸ ਉੱਪਰ ਚਾਈਨਾਂ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ।
—————————-