Total views : 131885
ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਮੁਹਿੰਮ ‘ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ
ਸਕੂਲ ਆਫ ਐਮੀਨੈਂਸ ਦੀ ਰਣਧੀਰ ਕਲੱਬ ਅਤੇ ਕਬੱਡੀ ਕੋਚਿੰਗ ਸੈਂਟਰ ਦੀਆਂ ਟੀਮਾਂ ਵਿਚਾਲੇ ਹੋਇਆ ਸ਼ੋਅ ਮੈਚ
ਕਪੂਰਥਲਾ, 9 ਜਨਵਰੀ — ਜਿਲਾ ਪ੍ਰਸ਼ਾਸਨ ਵੱਲੋਂ ‘ਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਥਾਨਕ ਗੁਰੂ ਨਾਨਕ ਸਟੇਡੀਅਮ ਦੇ ਬਹੁਮੰਤਵੀ ਹਾਲ ਵਿਖੇ ਨੈਸ਼ਨਲ ਸਟਾਈਲ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ।
ਕਬੱਡੀ ਦਾ ਸ਼ੋਅ ਮੈਚ ਸਕੂਲ ਆਫ ਐਮੀਨੈਂਸ ਦੀ ਰਣਧੀਰ ਕਲੱਬ ਅਤੇ ਕਬੱਡੀ ਕੋਚਿੰਗ ਸੈਂਟਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਪ੍ਰੀਤ ਕੌਰ ਸੰਧੂ ਅਤੇ ਐਸ.ਡੀ.ਐਮ. ਲਾਲ ਵਿਸ਼ਵਾਸ਼ ਬੈਂਸ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਨਵੀਂ ਪਨੀਰੀ ਵੀ ਆਪਣੀਆਂ ਮਨਪਸੰਦ ਖੇਡਾਂ ਵਿਚ ਮਾਅਰਕੇ ਮਾਰ ਸਕੇ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਰੀਰਕ ਤੌਰ ‘ਤੇ ਹੀ ਨੌਜਵਾਨ ਫਿੱਟ ਨਹੀਂ ਹੁੰਦੇ ਸਗੋਂ ੳਹ ਨਰੋਈ ਅਤੇ ਸਿਹਤਮੰਦ ਜੀਵਨ ਦਾ ਆਨੰਦ ਮਾਣਦੇ ਹਨ ।
ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੀ ਦਿਲਚਸਪੀ ਵਾਲੀ ਖੇਡਾਂ ਵਿਚ ਮੁਹਾਰਤ ਹਾਸਲ ਕਰਕੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਆਪਣੇ-ਆਪ ਨੂੰ ਤਿਆਰ ਕਰਨ ਤਾਂ ਜੋ ਉਹ ਦੇਸ਼-ਵਿਦੇਸ਼ ਵਿਚ ਆਪਣੀ ਖੇਡ ਪ੍ਰਤਿਭਾ ਰਾਹੀਂ ਸੂਬੇ ਅਤੇ ਦੇਸ਼ ਦਾ ਨਾਂ ਹੋਰ ਚਮਕਾ ਸਕਣ। ਉਨ੍ਹਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਅਕਸਰ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਦਾ ਰਹਿੰਦਾ ਜਿਨ੍ਹਾਂ ਦਾ ਨੌਜਵਾਨਾਂ ਨੂੰ ਪੂਰਾ ਲਾਹਾ ਲੈਣਾ ਚਾਹੀਦਾ ਹੈ। ਨਸ਼ਿਆਂ ਦੇ ਰੁਝਾਨ ਦੇ ਪੂਰਨ ਸਫਾਈ ਦਾ ਸੁਨੇਹਾ ਦਿੰਦਿਆਂ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਨੌਜਵਾਨ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਪੂਰੀ ਰੂਚੀ ਰੱਖਦਿਆਂ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ, ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋੰ ਕੀਤੇ ਜਾ ਰਹੇ ਉਪਰਾਲਿਆਂ ਵਿਚ ਆਪਣਾ ਬਣਦਾ ਯੋਗਦਾਨ ਪਾਉਣ । ਉਨ੍ਹਾਂ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਵਿਚ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਕੰਮਾਂ ਵਿਚ ਉਸਾਰੂ ਭੂਮਿਕਾ ਨਿਭਾਉਣ।
ਜਿਲਾ ਖੇਡ ਅਫ਼ਸਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ੋਅ ਮੈਚਾਂ ਦੀ ਲੜੀ ਵਿਚ ਅਗਲੇ ਮੈਚ 10 ਜਨਵਰੀ ਨੂੰ ਭੁਲੱਥ ਸਬ-ਡਵੀਜ਼ਨ ਦੇ ਸਰਕਾਰੀ ਹਾਈ ਸਕੂਲ, ਖੱਸਣ ਵਿਖੇ ਖੋ-ਖੋ ਅਤੇ 11 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਕਬੱਡੀ-ਪੰਜਾਬ ਸਟਾਈਲ ਦੇ ਮੁਕਾਬਲੇ ਹੋਣਗੇ। ਅੱਜ ਦੇ ਸ਼ੋਅ ਮੈਚ ਦੌਰਾਨ ਕਬੱਡੀ ਕੋਚਿੰਗ ਸੈਂਟਰ ਦੀ ਟੀਮ ਜੇਤੂ ਰਹੀ ।
ਇਸ ਮੌਕੇ ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ, ਕਬੱਡੀ ਕੋਚ ਇੰਦਰਜੀਤ ਕੌਰ, ਕਬੱਡੀ ਕੋਚ ਅਮਰਜੀਤ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।
ਕੈਪਸ਼ਨ- ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਸ ਹਾਲ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਸ਼ੋਅ ਮੈਚ ਦੌਰਾਨ ਵੱਖ-ਵੱਖ ਦ੍ਰਿਸ਼।
Government of Punjab
Meet Hayer
#Showmatch
#nationalstylekabbadi
#kabbadi
#Showmatch
#DrugFreePunjab
#Kapurthala