Total views : 131885
ਕੋਟਕਪੂਰਾ 12 ਜਨਵਰੀ — ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁਡੀਆਂ ਨੇ ਅੱਜ ਪਿੰਡ ਵਾੜਾ ਦਰਾਕਾ ਵਿਖੇ ਪਹੁੰਚ ਕੇ ਪਿੰਡ ਦੇ ਇੱਕ ਪੁਰਾਣੇ ਅਤੇ ਅਗਾਂਹਵਧੂ ਕਿਸਾਨ ਖਜਾਨ ਸਿੰਘ ਦੇ ਸਦੀਵੀ ਵਿਛੋੜੇ ਉਪਰੰਤ ਅੱਜ ਭੋਗ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੁਰਾਣੇ ਅਤੇ ਤਜਰਬੇਕਾਰ ਕਿਸਾਨ ਦਾ ਸਦੀਵੀ ਵਿਛੋੜਾ ਸਮਾਜ ਲਈ ਤਾਂ ਦੁੱਖ ਹੈ ਪਰੰਤੂ ਪਰਿਵਾਰ ਲਈ ਇਹ ਇੱਕ ਨਾ ਸਹਿਣਯੋਗ ਪੀੜਾ ਹੈ। ਉਨ੍ਹਾਂ ਦੱਸਿਆ ਕਿ ਖਜਾਨ ਸਿੰਘ ਜੋ ਕਿ 72 ਸਾਲਾਂ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਇੱਕ ਜੁਝਾਰੂ ਪ੍ਰਵਿਰਤੀ ਦੇ ਅਤੇ ਮਿਹਨਤਕਸ਼ ਕਿਸਾਨ ਸਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਬਿਸਤਰ ਤੇ ਸਨ। ਸ. ਖਜਾਨ ਸਿੰਘ, ਸ. ਗੁਰਕਿਰਨ ਸਿੰਘ ਧਾਲੀਵਾਲ ਪੀ.ਏ ਟੂ ਸ. ਖੁਡੀਆ ਜੀ ਦੇ ਨਾਨਾ ਜੀ ਸਨ।
ਮੰਤਰੀ ਖੁਡੀਆਂ ਦੀ ਆਮਦ ਮੌਕੇ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਪਿੰਡ ਵਾਸੀ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਗੁਰਮੀਤ ਖੁਡੀਆਂ ਨੂੰ ਦਰਵੇਸ਼ ਸਿਆਸਤਦਾਨ ਅਤੇ ਇੱਕ ਮਿਲਣਸਾਰ ਇਨਸਾਨ ਦੱਸਿਆ ਜੋ ਲੋਕਾਂ ਦੀ ਹਰ ਖੁਸ਼ੀ ਅਤੇ ਗਮੀ ਵਿੱਚ ਸ਼ਰੀਕ ਹੁੰਦੇ ਹਨ।
ਉਨ੍ਹਾਂ ਦੁੱਖ ਜਾਹਿਰ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇਸ ਮੌਕੇ ਐਮ.ਐਲ.ਏ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋ, ਐਡਵੋਕੇਟ ਬੀਰਇੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।