Total views : 131855
ਚੰਡੀਗੜ੍ਹ, 01 ਜਨਵਰੀ– ਸਾਲ 2023 ਦੌਰਾਨ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਵਿਭਾਗ ਨੇ ਇਸ ਸਾਲ ਦੌਰਾਨ ਨਵੇਂ ਰਿਕਾਰਡ ਕਾਇਮ ਕਰਨ ਦੇ ਨਾਲ-ਨਾਲ ਕਈ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਅਤੇ 2 ਮਹੀਨਿਆਂ ਲਈ 600 ਯੂਨਿਟ ਅਤੇ 300 ਯੂਨਿਟ ਪ੍ਰਤੀ ਮਹੀਨਾ ਪਿੱਛੇ ਜੀਰੋ ਬਿਜਲੀ ਬਿੱਲ ਦੀ ਸਹੂਲਤ ਦੇ ਕੇ 90 ਫੀਸਦੀ ਤੋਂ ਵੱਧ ਘਰੇਲੂ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਰਾਜ ਵਿੱਚ ਖੇਤੀਬਾੜੀ ਲਈ 100 ਪ੍ਰਤੀਸ਼ਤ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 1 ਮਾਰਚ 2023 ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਪੀ.ਏ.ਟੀ. (ਕਾਰਗੁਜ਼ਾਰੀ, ਪ੍ਰਾਪਤੀ ਅਤੇ ਵਪਾਰ) ਪ੍ਰੋਗਰਾਮ ਤਹਿਤ ਊਰਜਾ ਸੰਭਾਲ ਉਪਾਵਾਂ ਲਈ ਦੇਸ਼ ਭਰ ਦੀਆਂ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ਵਿੱਚੋਂ ਚੋਟੀ ਦੀ ਪ੍ਰਦਰਸ਼ਨਕਾਰ ਕੰਪਨੀ ਵਜੋਂ ਸਨਮਾਨਿਤ ਕੀਤਾ ਗਿਆ।