Total views : 131858
ਪਿੰਡਾਂ ’ਚ ਜਾ ਕੇ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨਾਲ ਕੀਤੀ ਗੱਲਬਾਤ, ਖੇਤਾਂ ’ਚ ਬੀਜੀ ਕਣਕ ਦਾ ਲਿਆ ਜਾਇਜਾ
ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਰਾਹੀਂ ਕੀਤੇ ਜਾ ਰਹੇ ਉਪਰਾਲਿਆਂ ਦਾ ਲਾਭ ਲੈਣ ਦਾ ਸੱਦਾ
ਕਪੂਰਥਲਾ, 12 ਜਨਵਰੀ– ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਆਉਂਦੇ ਸੀਜ਼ਨ ਦੌਰਾਨ ਪਰਾਲੀ ਦੀ ਸੁਚੱਜੀ ਸੰਭਾਲ ਲਈ ਅਗੇਤੀਆਂ ਤਿਆਰੀਆਂ ਤਹਿਤ ਪਿੰਡ ਸਰਾਏ ਜੱਟਾਂ, ਸ਼ਾਹਵਾਲਾ ਅੰਦਰੀਸਾ ਅਤੇ ਸ਼ੇਰਪੁਰ ਦੋਨਾਂ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਤੇ ਮਸ਼ੀਨਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣ, ਮਿੱਤਰ ਕੀੜਿਆਂ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤੀਬਾੜੀ ਵਿਭਾਗ ਰਾਹੀਂ ਸਮੇਂ-ਸਮੇਂ ’ਤੇ ਲੋੜੀਂਦੇ ਉਪਰਾਲਿਆਂ ਰਾਹੀਂ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਹੀ ਰਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਰਾਲਿਆਂ ਦੇ ਵਧੀਆਂ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਆਉਂਦੇ ਸੀਜਨ ਵਿਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਤੋਂ ਸੇਧ ਲੈਂਦਿਆਂ ਬਾਕੀ ਕਿਸਾਨਾਂ ਨੂੰ ਵੀ ਵਾਤਾਵਰਨ ਅਤੇ ਮਨੁੱਖੀ ਸਿਹਤ ਦੇ ਪੱਖ ਵਿਚ ਭਰਵਾਂ ਹੁੰਗਾਰਾ ਭਰਨਾ ਚਾਹੀਦਾ ਹੈ।
ਪਿੰਡਾ ਸਰਾਏ ਜੱਟਾਂ ਅਤੇ ਸ਼ਾਹਵਾਲਾ ਅੰਦਰੀਸਾ ਵਿਖੇ ਸਰਫੇਸ ਸੀਡਰ ਮਸ਼ੀਨ ਰਾਹੀਂ ਪਰਾਲੀ ਨੂੰ ਬਿਨਾਂ ਸਾੜੇ ਅਤੇ ਬਿਨਾਂ ਵਾਹੇ ਖੇਤਾਂ ਵਿਚ ਬੀਜੀ ਕਣਕ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਜਾਂਦੀਆਂ ਆਧੁਨਿਕ ਖੇਤੀ ਮਸ਼ੀਨਾਂ ਰਾਹੀਂ ਪਰਾਲੀ ਦਾ ਖੇਤਾਂ ਵਿਚ ਨਿਪਟਾਰਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਹੀ ਨਹੀਂ ਵੱਧਦੀ ਸਗੋਂ ਫਸਲ ਦਾ ਝਾੜ ਵੀ ਵਧੀਆ ਨਿੱਕਲਦਾ ਹੈ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਣ ਰਹਿਤ ਰੱਖਿਆ ਜਾ ਸਕਦਾ ਹੈ। ਜ਼ੀਰੋ ਬਰਨਿੰਗ ਪਿੰਡ ਸ਼ੇਰਪੁਰ ਦੋਨਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਕਿਸਾਨਾਂ ਨੇ ਦੱਸਿਆ ਕਿ ਨਵੀਆਂ ਤਕਨੀਕਾਂ ਅਪਣਾਉਣ ਨਾਲ ਉਨ੍ਹਾਂ ਦੇ ਖੇਤੀ ਖਰਚੇ ਘਟੇ ਹਨ ਅਤੇ ਫਸਲ ਦੀ ਗੁਣਵੱਤਾ ਤੇ ਝਾੜ ਵਧਨਾ ਯਕੀਨੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਖਤਮ ਕਰਦਿਆਂ ਵਾਤਾਵਰਨ ਨੂੰ ਹਰਿਆ-ਭਰਿਆ, ਪ੍ਰਦੂਸ਼ਣ ਮੁਕਤ ਅਤੇ ਸਿਹਤਮੰਦ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਪਿੰਡ ਲੱਖਣ ਕਲਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਦੂਸ਼ਿਤ ਵਾਤਾਵਰਨ ਸਾਰਿਆਂ ਲਈ ਖਤਰਨਾਕ ਹੈ ਜਿਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਹੀ ਅੱਗੇ ਆ ਕੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ.ਬਲਬੀਰ ਚੰਦ ਨੇ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਹਰ ਵੇਲੇ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਨੂੰ ਫਸਲਾਂ ਦੇ ਨਾਲ-ਨਾਲ ਆਧੁਨਿਕ ਮਸ਼ੀਨਾਂ ਤੇ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਉਨਾਂ ਦੇ ਦਫਤਰ ਜਾਂ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਅਫਸਰ ਬਲਕਾਰ ਸਿੰਘ, ਡਾ. ਐਚ.ਪੀ.ਐਸ. ਭਰੋਤ, ਡਾ.ਜਸਪਾਲ ਸਿੰਘ, ਪਰਮਿੰਦਰ ਕੁਮਾਰ, ਗੁਰਵਿੰਦਰ ਸਿੰਘ, ਹਰਜੋਧ ਸਿੰਘ, ਮਨਜਿੰਦਰ ਸਿੰਘ, ਕਿਸਾਨ ਸਵਰਨ ਸਿੰਘ ਪਿੰਡ ਸਰਾਏ ਜੱਟਾਂ, ਕਿਸਾਨ ਜੋਗਿੰਦਰ ਸਿੰਘ ਪਿੰਡ ਸ਼ਾਹਵਾਲਾ ਅੰਦਰੀਸਾ, ਕਿਸਾਨ ਕਸ਼ਮੀਰ ਸਿੰਘ ਪਿੰਡ ਲੱਖਣ ਕਲਾਂ ਆਦਿ ਮੌਜੂਦ ਸਨ।
ਕੈਪਸ਼ਨ- ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਵੱਖ-ਵੱਖ ਪਿੰਡਾਂ ਵਿਚ ਬੀਜੀ ਕਣਕ ਦਾ ਜਾਇਜਾ ਲੈਂਦੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ।
Government of Punjab
#Kapurthala
#SultanpurLodhi