Total views : 131859
ਸਾਰੇ ਰੀਟਰਨਿੰਗ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ’ਚ ਵੋਟਾਂ ਬਣਾਉਣ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ
ਕਪੂਰਥਲਾ, 12 ਜਨਵਰੀ — ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਆਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸਾਰੇ ਰੀਟਰਨਿੰਗ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਯੋਗ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਉਹ ਆਪਣੇ ਹਲਕਿਆਂ ਵਿਚ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਕੈਂਪ ਲਾਉਣ।
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਬਣਾਉਣ ਦੀ ਆਖਰੀ ਮਿਤੀ 29 ਫਰਵਰੀ 2024 ਹੈ ਜਿਸ ਬਾਰੇ ਸਬੰਧਿਤ ਹਲਕਿਆਂ ’ਚ ਹੇਠਲੇ ਪੱਧਰ ਤੱਕ ਜਾਣਕਾਰੀ ਪਹੁੰਚਾਈ ਜਾਵੇ ਤਾਂ ਜੋ ਕੋਈ ਯੋਗ ਵੋਟਰ ਵੋਟ ਬਣਾਉਣ ਤੋਂ ਰਹਿ ਨਾ ਜਾਵੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿੱਜੀ ਤੌਰ ’ਤੇ ਕੈਂਪਾ ਦੀ ਨਿਗਰਾਨੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਰਤਾਂ ਅਨੁਸਾਰ ਵੋਟਾਂ ਬਣਾਉਣ ਲਈ ਯੋਗ ਉਮੀਦਵਾਰਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਹਰ ਪਿੰਡ/ਵਾਰਡ ਵਿਚ ਪਟਵਾਰੀ/ਬੀ.ਐਲ.ਓ. ਦੇ ਖੇਤਰ ਨਿਰਧਾਰਿਤ ਕੀਤਾ ਜਾਵੇ ਅਤੇ ਜਿੱਥੇ ਪਟਵਾਰੀ ਮੌਜੂਦ ਨਹੀਂ ਹਨ ਉਸ ਖੇਤਰ ਵਿਚ ਬੀ.ਐਲ.ਓ. ਨੂੰ ਨਿਯੁਕਤ ਕੀਤਾ ਜਾਵੇ। ਸਮੂਹ ਪਟਵਾਰੀਆਂ ਨੂੰ ਕਿਹਾ ਗਿਆ ਹੈ ਕਿ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਹਰ ਪਿੰਡ/ਮੁਹੱਲੇ ਵਿਚ ਵੋਟਾਂ ਬਣਾਈਆਂ ਜਾਣ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਬਣਨ ਲਈ ਉਮਰ 21 ਸਾਲ ਹੋਣਾ ਲਾਜ਼ਮੀ ਹੈ। ਬਿਨੈਕਾਰ ਕੋਲੋਂ ਫਾਰਮ ਨੰ: 1 (ਕੇਸਾਧਾਰੀ) ਪ੍ਰਾਪਤ ਕੀਤੇ ਜਾਣੇ ਹਨ ਅਤੇ ਬਿਨੈਕਾਰ ਦੇ ਹਸਤਾਖਰ ਮੌਕੇ ’ਤੇ ਕਰਵਾਏ ਜਾਣੇ ਹਨ ਅਤੇ ਇਹ ਫਾਰਮ ਬੰਡਲਾਂ ਵਿਚ ਪ੍ਰਾਪਤ ਨਹੀਂ ਕੀਤੇ ਜਾਣਗੇ। ਹਦਾਇਤਾਂ ਅਨੁਸਾਰ ਹਰ ਪ੍ਰਾਪਤ ਫਾਰਮ ਨੰ:1 ਰਜਿਸਟਰ ਵਿਚ ਮਿਤੀ ਵਾਰ ਦਰਜ ਕੀਤਾ ਜਾਵੇਗਾ ਅਤੇ ਪਤਿੱਤ ਤੇ ਸਹਿਜਧਾਰੀ ਸਿੱਖ ਵੋਟਰ ਬਣਨ ਦੇ ਹੱਕਦਾਰ ਨਹੀਂ ਹੋਣਗੇ। ਕੇਸਾਧਾਰੀ ਵੋਟਰ ਜੋ ਕੇਸ ਅਤੇ ਦਾੜੀ ਨਹੀਂ ਕੱਟਦੇ ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਹਨ ਵੋਟਰ ਬਣਨ ਦੇ ਯੋਗ ਹੋਣਗੇ।
Government of Punjab
#Kapurthala