ਮਿੱਠੀਆਂ ਯਾਦਾਂ ਬਿਖੇਰਦਿਆਂ ਸਮਾਪਤ ਹੋਇਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ

ਖ਼ਬਰ ਸ਼ੇਅਰ ਕਰੋ
035609
Total views : 131856

ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਰਿਹਾ ਯੁਵਕ ਮੇਲੇ ਦਾ ਅੰਤਿਮ ਦਿਨ
ਮੁਕੇਰੀਆਂ/ਹੁਸ਼ਿਆਰਪੁਰ, 12 ਜਨਵਰੀ — ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵਲੋਂ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਚ ਕਰਵਾਇਆ ਗਿਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਮਿੱਠੀਆਂ ਯਾਦਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ। ਦੂਜੇ ਦਿਨ ਯੁਵਕ ਮੇਲਾ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਰਿਹਾ। ਯੁਵਕ ਮੇਲੇ ਦੇ ਦੂਜੇ ਦਿਨ ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਡੀ.ਐਸ.ਪੀ ਕੁਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਦੇ ਜੋਸ਼ ਨੂੰ ਦੇਖਦਿਆਂ ਕਿਹਾ ਕਿ ਇਨ੍ਹਾਂ ਨੂੰ ਦੇਖ ਕੇ ਉਮੀਦ ਜਾਗੀ ਹੈ ਕਿ ਪੰਜਾਬ ਦੁਬਾਰਾ ਤੋਂ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅੰਦਰ ਅਨੁਸ਼ਾਸਨ ਬਣਾ ਕੇ ਰੱਖਣ ਅਤੇ ਜੇਕਰ ਉਹ ਇਸ ਵਿਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਲਈ ਕੋਈ ਵੀ ਮੰਜ਼ਿਲ ਦੂਰ ਨਹੀਂ ਹੈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਦੱਸਿਆ ਕਿ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦੋ ਰੋਜ਼ਾ ਯੁਵਕ ਮੇਲਾ ਕਾਲਜ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਸਤਪਾਲ ਸਿੰਘ, ਹਰਪਾਲ ਸਿੰਘ, ਦਵਿੰਦਰ ਸਿੰਘ, ਹਰਮਨਜੀਤ ਸਿੰਘ, ਸੁਰਜੀਤ ਸਿੰਘ ਭਾਟਿਆਂ, ਬਿਕਰਮਜੀਤ ਸਿੰਘ, ਪ੍ਰਿੰਸੀਪਲ ਕਰਮਜੀਤ ਕੌਰ ਬਰਾੜ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਦੇ ਦੂਜੇ ਸੈਸ਼ਨ ਵਿਚ ਹਲਕਾ ਇਚਾਰਜ ਮੁਕੇਰੀਆਂ ਪ੍ਰੋ: ਜੀ.ਐਸ ਮੁਲਤਾਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਹੁਨਰ ਦਾ ਪ੍ਰਦਰਸ਼ਨ ਅੱਗੇ ਵੱਧ ਕੇ ਕਰਨ ਅਤੇ ਨੌਜਵਾਨ ਹੀ ਇਸ ਤਰ੍ਹਾਂ ਦੀ ਤਾਕਤ ਹਨ ਕਿ ਉਹ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੇੇ ਹਨ।
ਇਸ ਸਮਾਗਮ ਦੇ ਸ਼ਾਮ ਦੀ ਸਭਾ ਦੇ ਮੁੱਖ ਮਹਿਮਾਨ ਡੀ.ਐਸ.ਪੀ ਮੁਕੇਰੀਆਂ ਅਸ਼ੋਕ ਕੁਮਾਰ ਨੇ ਵੀ ਕਲਾਕਾਰਾਂ ਨਾਲ ਗੱਲਬਾਤ ਸਾਂਝੀ ਕੀਤੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਕਰਮਜੀਤ ਕੌਰ ਬਰਾੜ ਨੇ ਵੀ ਇਨਾਮ ਵੰਡ ਸਮਾਰੋਹ ਵਿਚ ਸ਼ਿਰਕਤ ਕੀਤੀ। ਦੂਜੇ ਦਿਨ ਭਾਸ਼ਣ ਮੁਕਾਬਲਿਆਂ ਵਿਚ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਸਕੂਲ ਮੁਕੇਰੀਆਂ ਪਹਿਲੇ, ਜੀ.ਕੇ.ਐਮ ਕਾਲਜ ਟਾਂਡਾ ਦੂਜੇ, ਸਰਕਾਰੀ ਕਾਲਜ ਤਲਵਾੜਾ ਅਤੇ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਤੀਜੇ ਸਥਾਨ ’ਤੇ ਰਿਹਾ। ਗਿੱਧਾ ਮੁਕਾਬਲਿਆਂ ਵਿਚ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਪਹਿਲੇ, ਜੀ.ਟੀ.ਬੀ ਕਾਲਜ ਫਾਰ ਵੂਮੈਨ ਦਸੂਹਾ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਤੀਜੇ ਸਥਾਨ ’ਤੇ ਰਿਹਾ। ਹੌਸਲਾ ਵਧਾਊ ਪੁਰਸਕਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਨੂੰ ਮਿਲਿਆ। ਭੰਗੜੇ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ ਸਥਾਨ ’ਤੇ ਰਿਹਾ ਜਦਕਿ ਮਦਰ ਮੈਰੀ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਨੂੰ ਹੌਸਲਾ ਵਧਾਊ ਪੁਰਸਕਾਰ ਮਿਲਿਆ। ਲੁੱਡੀ/ਸੰਮੀ ਵਿਚ ਜੀ.ਟੀ.ਬੀ ਖਾਲਸਾ ਕਾਲਜ ਪਹਿਲੇ, ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੂਜੇ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਤੀਜੇ ਸਥਾਨ ’ਤੇ ਰਿਹਾ। ਭੰਡਾਂ ਦੇ ਮੁਕਾਬਲਿਆਂ ਵਿਚ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਪਹਿਲੇ, ਸਰਕਾਰੀ ਕਾਲਜ ਹੁਸ਼ਿਆਰਪੁਰ ਦੂਜੇ ਅਤੇ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਤੀਜੇ ਸਥਾਨ ’ਤੇ ਰਿਹਾ। ਮੋਨੋਐਕਟਿੰਗ ਵਿਚ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਪਹਿਲੇ, ਸਰਕਾਰੀ ਕਾਲਜ ਹੁਸ਼ਿਆਰਪੁਰ ਦੂਜੇ ਅਤੇ ਸਕੂਲ ਆਫ਼ ਐਮੀਨੈਂਸ ਦਸੂਹਾ ਤੀਜੇ ਸਥਾਨ ’ਤੇ ਰਿਹਾ। ਗਤਕਾ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ, ਸਕੂਲ ਆਫ਼ ਐਮੀਨੈਂਸ ਦਸੂਹਾ ਦੂਜੇ ਅਤੇ ਯੁਵਕ ਸੇਵਾਵਾਂ ਕਲੱਬ ਉਸਮਾਨ ਸ਼ਹੀਦ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਸਮੂਹ ਭਾਗੀਦਾਰਾਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਸ ਮੇਲੇ ਵਿਚ ਯੂਥ ਕਲੱਬਾਂ ਦੇ ਪ੍ਰਤੀਨਿਧੀਆਂ ਅਤੇ ਸਮੂਹ ਰੈੱਡ ਰਿਬਨ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਨੋਡਲ ਅਧਿਕਾਰੀਆਂ ਅਤੇ ਪ੍ਰੋਗਰਾਮ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਇਸ ਤਰ੍ਹਾਂ ਇਹ ਯੁਵਕ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਬਿਖੇਰਦਿਆਂ ਸਮਾਪਤ ਹੋਇਆ।