Total views : 131852
31 ਜਨਵਰੀ ਤੱਕ ਭਾਗ ਲੈ ਸਕਣਗੇ ਹੁਣ ਸੂਬਾ ਵਾਸੀ
ਜੇਤੂਆਂ ਨੂੰ ਦਿੱਤੇ ਜਾਣਗੇ ਨਗਦ ਇਨਾਮ
ਅੰਮ੍ਰਿਤਸਰ 15 ਜਨਵਰੀ -(ਡਾ ਮਨਜੀਤ ਸਿੰਘ)- ਕੇਦਰ ਦੇ ਸੈਰ ਸਪਾਟਾ ਵਿਭਾਗ ਵਲੋ ਪੰਜਾਬ ਦੇ ਵਾਸੀਆਂ ਨੂੰ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਸਥਾਨਾਂ ਬਾਰੇ ਜਾਣਕਾਰੀ ਦੇਣ ਲਈ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਵੇਦਸ਼ ਦਰਸ਼ਨ 2.0 ਤਹਿਤ ਲੋਗੋ ਅਤੇ ਅੰਮ੍ਰਿਤਸਰ ਨੂੰ ਦਰਸਾਉਂਦੇ ਵਿਲੱਖਣ ਟੈਗਲਾਈਨ ਮੁਕਾਬਲੇ ਕਰਵਾਏ ਜਾ ਰਹੇ ਸਨ, ਜਿਨਾਂ ਵਿੱਚ ਭਾਗ ਲੈਣ ਦੀ ਆਖਿਰੀ ਮਿਤੀ 31 ਦਸੰਬਰ 2023 ਨਿਸਚਿਤ ਕੀਤੀ ਗਈ ਸੀ ਪ੍ਰੰਤੂ ਹੁਣ ਇਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਆਖਿਰੀ ਮਿਤੀ 31 ਜਨਵਰੀ 2024 ਕਰ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਰਾਜ ਦੇ ਸਾਰੇ ਵਾਸੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਬਿਨੈਕਾਰ ਆਪਣੇ ਲੋਗੋ ਅਤੇ ਟੈਗਲਾਈਨ ਦੀਆਂ ਕ੍ਰਿਤੀਆਂ ਈ ਮੇਲ sadda.asr@gmail.com ’ਤੇ ਭੇਜ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਜਿਲੇ੍ਹ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਬੱਚਿਆਂ ਨੂੰ ਉਤਸ਼ਾਹਤ ਕਰਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲੀ ਅਧਿਆਪਕ ਅਤੇ ਸਟਾਫ ਦੇ ਮੈਂਬਰ ਵੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚੇ ਆਪੋ ਆਪਣੇ ਇੰਦਰਾਜ ਸਕੂਲਾਂ ਦੇ ਪ੍ਰਿੰਸੀਪਲ ਨੂੰ ਦੇਣਗੇ ਅਤੇ ਪ੍ਰਿੰਸੀਪਲ ਚੁਣੇ ਗਏ ਵਧੀਆ ਇੰਦਰਾਜਾਂ ਨੂੰ sadda.asr@gmail.com ਈ ਮੇਲ ’ਤੇ ਭੇਜਣਾ ਯਕੀਨੀ ਬਣਾਉਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਹਰੇਕ ਨੂੰ ਟੈਗਲਾਈਨ ਅਤੇ ਲੋਗੋ ਵਿੱਚ 10 ਹਜ਼ਾਰ, ਦੂਜੇ ਇਨਾਮ 6 ਹਜ਼ਾਰ ਅਤੇ ਤੀਜਾ ਇਨਾਮ 4 ਹਜ਼ਾਰ ਰੁਪਏ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵੈਬਸਾਈਟ https://amritsar.nic.in /event/logo-design-and-tagline-competition/ ’ਤੇ ਜਾ ਸਕਦੇ ਹਨ।