




Total views : 148951







ਜੰਡਿਆਲਾ ਗੁਰੂ, 15 ਜਨਵਰੀ — ਵਾਰਡ ਨੰ: 7 ਖੂਹ ਗੁਰੂ ਅਰਜਨ ਦੇਵ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਧਰਨੇ ਦੀ ਅਗਵਾਈ ਕਿਸਾਨ ਆਗੂ ਦਲਜੀਤ ਸਿੰਘ ਖਾਲਸਾ ਨੇ ਕੀਤੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 7 ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਇਸ ਸਮੱਸਿਆ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਹੋ ਜਾਂਦਾ ਹੈ ਅਤੇ ਸਥਾਨਕ ਲੋਕਾਂ ਨੂੰ ਲੰਘਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈੰਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਨਹਿਰੀ ਵਿਭਾਗ ਨੇ ਨਗਰ ਕੌਂਸਲ ਜੰਡਿਆਲਾ ਨੂੰ ਲਿਖਤੀ ਪੱਤਰ ਵੀ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨਗਰ ਕੌਂਸਲ ਨੂੰ ਇਸ ਇਲਾਕੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ, ਪ੍ਰੰਤੂ ਨਗਰ ਕੌਂਸਲ ਵੱਲੋਂ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਨੇ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਕੱਢਿਆ ਹੁੰਦਾ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ।
ਨਗਰ ਕੌਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਕਾਰਜਸਾਧਕ ਅਫਸਰ ਨਗਰ ਕੌਸਲ ਜਗਤਾਰ ਸਿੰਘ ਅਤੇ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਨੇ ਵਿਸ਼ਵਾਸ਼ ਦਿਵਾਉਣ ਉਪਰੰਤ ਕਿ ਇਸ ਸਮੱਸਿਆ ਦਾ ਸਥਾਈ ਹੱਲ ਇੱਕ ਹਫ਼ਤੇ ਦੇ ਅੰਦਰ-ਅੰਦਰ ਲੱਭ ਲਿਆ ਜਾਵੇਗਾ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੈਂਕਰਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ਤਾਂ ਜੋ ਗੰਦੇ ਪਾਣੀ ਦੀ ਨਿਕਾਸੀ ਹੋ ਸਕੇ। ਇਸ ਮੌਕੇ ਐਸ.ਐਚ.ੳ ਜੰਡਿਆਲਾ ਇੰਸਪੈਕਟਰ ਮੁਖ਼ਤਿਆਰ ਸਿੰਘ, ਨਗਰ ਕੌਸਲ ਦੇ ਵਰਕਰ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।






