




Total views : 148937







ਸੜਕ ਸੁਰੱਖਿਆ ਮਹੀਨਾ-
ਬੱਸਾਂ ਦੇ ਪਿੱਛੇ ਲਗਾਈ ਗਈ ਰਿਫਲੈਕਟਰ ਟੇਪ
ਹੁਸ਼ਿਆਰਪੁਰ, 16 ਜਨਵਰੀ — ਸੜਕ ਸੁਰੱਖਿਆ ਮਹੀਨਾ-2024 ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਰਾਈਵਿੰਗ ਟੈਸਟ ਟਰੈਕ ਹੁਸ਼ਿਆਰਪੁਰ ਅਤੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਨੁੱਕੜ ਮੀਟਿੰਗ ਕੀਤੀ ਗਈ। ਇਸ ਦੌਰਾਨ ਬੱਸਾਂ ਦੇ ਪਿੱਛੇ ਰਿਫਲੈਕਟਰ ਟੇਪ ਵੀ ਲਗਾਈ ਗਈ। ਇਸ ਮੌਕੇ ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਅਤੇ ਜੀ.ਐਮ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਜਸਬੀਰ ਸਿੰਘ ਕੋਟਲਾ ਵੀ ਮੌਜੂਦ ਸਨ।
ਸਕੱਤਰ ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਇਸ ਦੌਰਾਨ ਵਾਹਨ ਚਾਲਕਾਂ ਨੂੰ ਕਿਹਾ ਕਿ ਹਰੇਕ ਵਾਹਨ ’ਤੇ ਰਿਫਲੈਕਟਰ ਲੱਗਾ ਹੋਣਾ ਜ਼ਰੂਰੀ ਕਿਉਂਕਿ ਵਾਹਨਾਂ ’ਤੇ ਰਿਫਲੈਕਟਰ ਨਾ ਹੋਣ ਦੇ ਕਾਰਨ ਹਨੇਰੇ ਅਤੇ ਧੁੰਦ ਵਿਚ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਤੌਰ ’ਤੇ ਵਾਹਨਾਂ ਉਤੇ ਰਿਫਲੈਕਟਰ ਲਗਾਉਣ ਦੇ ਕੰਮ ਨੂੰ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਅਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਵਿਚ ਟ੍ਰੈਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਕਿਉਂਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਹੀ ਸੜਕ ਹਾਦਸੇ ਹੁੰਦੇ ਹਨ।






