Total views : 131858
76 ਜਥੇਬੰਦੀਆਂ ਦੇ ਕਿਸਾਨ ਮਜਦੂਰ ਮੋਰਚਾ ਦੇ ਪ੍ਰੋਗਰਾਮ ਤਹਿਤ ਦਿੱਲੀ ਅੰਦੋਲਨ ਦੇ 750 ਸ਼ਹੀਦਾਂ ਨੂੰ ਭਾਰਤ ਪੱਧਰ ਤੇ ਮੋਮਬੱਤੀਆਂ ਬਾਲਕੇ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ, 27 ਜਨਵਰੀ- ( ਡਾ. ਮਨਜੀਤ ਸਿੰਘ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 76 ਜਥੇਬੰਦੀਆਂ ਦੇ ਕਿਸਾਨ ਮਜਦੂਰ ਮੋਰਚਾ ਦੇ ਪ੍ਰੋਗਰਾਮ ਤਹਿਤ 26 ਜਨਵਰੀ ਦੀ ਸ਼ਾਮ ਨੂੰ ਪਿੰਡ ਪੱਧਰ ਤੇ ਮੋਮਬੱਤੀ ਮਾਰਚ ਕਰਕੇ ਭਾਰਤ ਦੇ ਹਜ਼ਾਰਾਂ ਪਿੰਡਾਂ ਵਿੱਚ ਨਵਰੀਤ ਸਿੰਘ ਡਿੱਬਡਿੱਬਾ ਸਮੇਤ 750 ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਅੰਦੋਲਨ ਦੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਦੇਸ਼ ਦੇ ਕਿਸਾਨ ਮਜਦੂਰ ਨੇ ਮੋਦੀ ਸਰਕਾਰ ਤੋਂ ਕਾਲੇ ਕਾਨੂੰਨ ਵਾਪਿਸ ਕਰਵਾਏ ਸਨ। ਓਹਨਾ ਕਿਹਾ ਕਿ ਲੋੜ ਹੈ ਕਿ ਅੱਜ ਓਹਨਾ ਸ਼ਹੀਦਾਂ ਦੇ ਅਧੂਰੇ ਰਹਿ ਗਏ ਕਾਰਜ਼ ਦਿੱਲੀ ਅੰਦੋਲਨ 2 ਵਿੱਚ ਪੂਰੇ ਕੀਤੇ ਜਾਣ। ਅੱਜ ਪਿੰਡ ਵੰਚੜੀ ਵਿੱਚ, ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਤੇ ਦਿੱਲੀ ਅੰਦੋਲਨ ਦੀ ਤਿਆਰੀ ਦੇ ਚਲਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਹੀ ਵਿੱਚ 3 ਜੋਨਾਂ ਜੋਨ ਜੰਡਿਆਲਾ, ਜੋਨ ਬਾਬਾ ਨੋਧ ਸਿੰਘ, ਜੋਨ ਸ੍ਰੀ ਗੁਰੂ ਰਾਮਦਾਸ ਦੀ ਭਰਵੀਂ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਗੱਲ ਕਰਦੇ ਆਗੂਆਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ, ਕਨਵੈਨਸ਼ਨਾਂ, ਟ੍ਰੈਕਟਰ ਮਾਰਚ ਕਰਕੇ ਲੋਕਾਂ ਵਿੱਚ ਕਿਸਾਨ ਮਜਦੂਰ ਮੰਗਾਂ ਸਬੰਧੀ ਪ੍ਰਚਾਰ ਅਤੇ ਚਰਚਾ ਕੀਤੀ ਜਾ ਰਹੀ ਹੈ। ਓਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਦਿੱਲੀ ਦੇ ਅੰਦੋਲਨ ਨੂੰ ਲੈ ਕੇ ਉਤਸ਼ਾਹ ਦਿਨੋ ਦਿਨ ਵਧ ਰਿਹਾ ਹੈ ਅਤੇ ਦਿੱਲੀ ਕੂਚ ਲਈ ਹੁਣ ਤੋਂ ਹੀ ਟ੍ਰੈਕਟਰ ਟਰਾਲੀਆਂ ਤਿਆਰ ਕੀਤੇ ਜਾ ਰਹੇ ਹਨ। ਓਹਨਾ ਕਿਹਾ ਕਿ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ. ਐਸ. ਪੀ. ਗਰੰਟੀ ਕਨੂੰਨ ਬਣਾ ਕੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲੈਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣ, 58 ਸਾਲ ਦੇ ਕਿਸਾਨ ਮਜਦੂਰ ਲਈ 10 ਹਜ਼ਾਰ ਪੈਨਸ਼ਨ, ਜਮੀਨ ਐਕਵਾਇਰ ਕਰਨ ਸਬੰਧੀ ਕਨੂੰਨ ਨੂੰ 2013 ਵਾਲੇ ਰੂਪ ਵਿੱਚ ਬਹਾਲ ਕਰਵਾਉਣ, ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਉਣ, ਦਿੱਲੀ ਅੰਦੋਲਨ ਦੌਰਾਨ ਪਏ ਪੁਲਿਸ ਕੇਸ ਰੱਦ ਕਰਵਾਉਣ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਕਨੂੰਨ ਵਿੱਚੋ ਬਾਹਰ ਕਰਨ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਕਰਵਾਉਣ, ਬਿਜਲੀ ਸੋਧ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ, ਆਦਿਵਾਸੀਆਂ ਦੀ 5ਵੀਂ ਸੂਚੀ ਲਾਗੂ ਕਰਵਾਉਣ, ਗੰਨਾ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਲਈ 13 ਫਰਵਰੀ ਨੂੰ ਲੱਖਾਂ ਕਿਸਾਨ ਮਜਦੂਰ ਦਿੱਲੀ ਨੂੰ ਚਾਲੇ ਪਾਉਣਗੇ। ਇਸ ਮੌਕੇ ਵੱਖ ਵੱਖ ਜੋਨਾਂ ਤੋਂ ਚਰਨਜੀਤ ਸਿੰਘ ਸਫੀਪੁਰ, ਪਰਗਟ ਸਿੰਘ ਗੁਨੋਵਾਲ, ਰੇਸ਼ਮ ਸਿੰਘ, ਕੰਵਲਜੀਤ ਸਿੰਘ ਵਨਚੜ੍ਹੀ, ਮਨਰਾਜ ਸਿੰਘ ਮਨੀ, ਬਲਿਹਾਰ ਸਿੰਘ ਛੀਨਾ, ਬਲਜਿੰਦਰ ਸਿੰਘ ਸਭਰਾ, ਮੰਗਵਿੰਦਰ ਸਿੰਘ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ।