Total views : 131857
29 ਵਿਦਿਆਰਥੀ ਤਾਜ਼ਾ ਲੈਬ ਰਿਪੋਰਟ ’ਚ ਅਨੀਮੀਆ ਮੁਕਤ ਪਾਏ ਗਏ
ਬਾਕੀ ਵਿਦਿਆਰਥੀਆਂ ਦੀ ਰਿਪੋਰਟ ਦੇ ਨਤੀਜੇ ਵੀ ਚੰਗੇ ਆਉਣ ਦੀ ਉਮੀਦ
ਸੰਗਰੂਰ, 31 ਜਨਵਰੀ – ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਨੀਮੀਆ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭੇ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਵਿੱਚ ਪਹਿਲਾਂ ਜ਼ਿਲ੍ਹੇ ਦੇ 21 ਸਰਕਾਰੀ ਸਕੂਲਾਂ ਵਿਖੇ ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਲਿਆ ਗਿਆ ਸੀ ਅਤੇ ਸਕੂਲੀ ਵਿਦਿਆਰਥੀਆਂ ਵਿੱਚ ਅਨੀਮੀਆ (ਖੂਨ ਦੀ ਕਮੀ) ਪਾਏ ਜਾਣ ’ਤੇ ਸਿਹਤ ਤੇ ਸਿੱਖਿਆ ਵਿਭਾਗ ਦੇ ਤਾਲਮੇਲ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਆਇਰਨ ਤੇ ਫੋਲਿਕ ਐਸਿਡ ਦੀ ਗੋਲੀ ਖੁਆਉਣ ਦੇ ਨਾਲ ਨਾਲ ਸਾਰੇ ਸਕੂਲਾਂ ਵਿੱਚ ਘਰੇਲੂ ਬਗੀਚੀਆਂ (ਕਿਚਨ ਗਾਰਡਨ) ਵਿਕਸਤ ਕਰਕੇ ਮਿਡ ਡੇਅ ਮੀਲ ਦਾ ਭੋਜਨ ਖੁਰਾਕੀ ਤੱਤਾਂ ਭਰਪੂਰ ਬਣਾਉਣ ਵੱਲ ਧਿਆਨ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ 21 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅਨੀਮੀਆ ਦੇ ਲੱਛਣ ਪਾਏ ਗਏ ਸਨ ਉਨ੍ਹਾਂ ਦੇ ਖੂਨ ਦੇ ਮੁੜ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਹੁਣ ਤੱਕ ਪ੍ਰਾਪਤ 2 ਸਕੂਲਾਂ ਦੇ 29 ਵਿਦਿਆਰਥੀਆਂ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਸੀਂ ਆਪਣੇ ਨਿਰਧਾਰਿਤ ਟੀਚੇ ਨੂੰ ਸਾਕਾਰ ਕਰਨ ਵਿੱਚ ਸਫ਼ਲਤਾ ਦੇ ਬਿਲਕੁਲ ਕਰੀਬ ਹਾਂ। ਉਨ੍ਹਾਂ ਕਿਹਾ ਕਿ ਧੂਰੀ ਦੇ ਸਿਹਤ ਬਲਾਕ ਅਧੀਨ ਆਉਂਦੇ ਇਨ੍ਹਾਂ ਸਕੂਲਾਂ ਦੇ ਬੱਚੇ ਪਹਿਲਾਂ ਅਨੀਮੀਆ ਪੀੜਤ ਸਨ ਪਰ ਹੁਣ ਦੀ ਲੈਬ ਰਿਪੋਰਟ ਵਿੱਚ ਇਹ ਅਨੀਮੀਆ ਮੁਕਤ ਪਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਬੱਚਿਆਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਨਾਲ ਅਨੀਮੀਆ ਤੇ ਹੋਰ ਰੋਗਾਂ ਦੀ ਮਾਰ ਤੋਂ ਬਚਾਉਣ ਦੀ ਦਿਸ਼ਾ ਵਿੱਚ ਇਹ ਇੱਕ ਚੰਗਾ ਸੰਕੇਤ ਹੈ ਅਤੇ ਜਲਦੀ ਹੀ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਬਲੱਡ ਟੈਸਟ ਨਤੀਜੇ ਸਾਡੇ ਸਾਹਮਣੇ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਅਨੀਮੀਆ ਨਾਲ ਪੀੜਤ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸੰਤੁਲਿਤ ਆਹਾਰ ਬੱਚਿਆਂ ਦੀ ਜੀਵਨ ਸ਼ੈਲੀ ’ਤੇ ਵਧੀਆ ਪ੍ਰਭਾਵ ਪਾਉਂਦਾ ਹੈ ਅਤੇ ਅਧਿਆਪਕਾਂ ਦੇ ਨਾਲ ਨਾਲ ਇਹ ਮਾਪਿਆਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਪੜਾਈ ਦੇ ਨਾਲ ਨਾਲ ਸਿਹਤ ਪ੍ਰਤੀ ਵੀ ਜਾਗਰੂਕਤਾ ਵਧਾਉਣ ਤੇ ਸਾਰੇ ਆਪਸੀ ਸਹਿਯੋਗ ਨਾਲ ਅਨੀਮੀਆ ਦੇ ਖਾਤਮੇ ਦੀ ਮੁਹਿੰਮ ਵਿੱਚ ਯੋਗਦਾਨ ਪਾ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸਿਵਲ ਸਰਜਨ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਸਕੂਲ ਸਿਹਤ ਮੈਡੀਕਲ ਅਫ਼ਸਰ ਡਾ. ਅਮਨਜੋਤ, ਪ੍ਰੋਜੈਕਟ ਨੋਡਲ ਅਫ਼ਸਰ ਮਨਜੋਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਗਿੱਲ, ਡੀ.ਡੀ.ਐਫ ਮੇਘਾ ਚੌਧਰੀ ਵੀ ਹਾਜ਼ਰ ਸਨ।