ਸ਼੍ਰੋਮਣੀ ਕਮੇਟੀ ਨੇ ਸੰਭੂ ਬਾਰਡਰ ‘ਤੇ ਕਿਸਾਨਾਂ ਦੀ ਸਹਾਇਤਾ ਲਈ ਤਾਇਨਾਤ ਕੀਤੀਆਂ ਮੈਡੀਕਲ ਵੈਨਾਂ

ਖ਼ਬਰ ਸ਼ੇਅਰ ਕਰੋ
035611
Total views : 131858

ਕਿਸਾਨ ਸੰਘਰਸ਼ ‘ਚ ਸ਼੍ਰੋਮਣੀ ਕਮੇਟੀ ਪਾ ਰਹੀ ਵੱਡਮੁੱਲਾ ਯੋਗਦਾਨ: ਜਥੇਦਾਰ ਜਸਮੇਰ ਸਿੰਘ ਲਾਛੜੂ
ਨਿਰੰਤਰ ਲੰਗਰ ਦੇ ਨਾਲ-ਨਾਲ ਡਾਕਟਰੀ ਸਟਾਫ਼ ਤੇ ਦਵਾਈਆਂ ਆਦਿ ਕੀਤੀਆਂ ਉਪਲਬੱਧ
ਪਟਿਆਲਾ, 18 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਜਿਥੇ ਸੰਭੂ ਬਾਰਡਰ ’ਤੇ ਦਿੱਲੀ ਕੂਚ ਕਰਨ ਵਾਲੇ ਕਿਸਾਨ ਭਰਾਵਾਂ ਲਈ ਨਿਰੰਤਰ ਲੰਗਰ ਜਾਰੀ ਹਨ, ਉੱਥੇ ਹੀ ਹਰਿਆਣਾ ਪੁਲਿਸ ਫੋਰਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਨਾਲ ਕੀਤੇ ਜਾ ਰਹੇ ਹਮਲਿਆਂ ਵਿਚ ਵੱਡੀ ਗਿਣਤੀ ਵਿੱਚ ਜ਼ਖਮੀ ਕਿਸਾਨਾਂ ਦੀ ਸਹਾਇਤਾ ਲਈ ਮੈਡੀਕਲ ਵੈਨਾਂ ਵੀ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤਹਿਤ ਸੰਭੂ ਬਾਰਡਰ ‘ਤੇ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ (ਅੰਮ੍ਰਿਤਸਰ) ਦਾ ਡਾਕਟਰੀ ਸਟਾਫ਼ ਅਤੇ ਦਵਾਈਆਂ ਨਾਲ ਲੈਸ ਮੈਡੀਕਲ ਵੈਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਸੰਭੂ ਬਾਰਡਰ ‘ਤੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਆਦੇਸ਼ਾਂ ‘ਤੇ ਦਿਨ ਰਾਤ ਕਿਸਾਨ ਭਰਾਵਾਂ ਲਈ ਨਿਰੰਤਰ ਲੰਗਰ ਜਾਰੀ ਹੈ ਅਤੇ ਹਾਲਾਤ ਨੂੰ ਵੇਖਦੇ ਹੋਏ ਜ਼ਖ਼ਮੀ ਕਿਸਾਨ ਭਰਾਵਾਂ ਦੀ ਸਹਾਇਤਾ ਲਈ ਮੈਡੀਕਲ ਵੈਨਾਂ ਡਾਕਟਰੀ ਸਟਾਫ਼ ਨਾਲ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਕਿਸਾਨਾਂ ਨੂੰ ਸਿਹਤਯਾਬ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਫ਼ਲਸਫ਼ਾ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਸ਼੍ਰੋਮਣੀ ਕਮੇਟੀ ਕਿਸਾਨ ਭਰਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੀ ਹੈ। ਜਥੇਦਾਰ ਲਾਛੜੂ ਨੇ ਕਿਹਾ ਕਿ ਕੇਂਦਰ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਜਲਦ ਮੰਨ ਲੈਣ ਨਹੀਂ ਤਾਂ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਦੇ ਰੋਹ ਦਾ ਵੱਡਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨ ਭਰਾਵਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਇਸ ਸੰਘਰਸ਼ ‘ਚ ਸਿਰਮੌਰ ਸੰਸਥਾ ਦਾ ਯੋਗਦਾਨ ਵੱਡਮੁੱਲਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਨਿਰੰਤਰ ਲੰਗਰ ਸੇਵਾਵਾਂ ਨੂੰ ਜਾਰੀ ਰੱਖਣਾ ਅਤੇ ਮੈਡੀਕਲ ਟੀਮਾਂ ਰਾਹੀਂ ਸੇਵਾਵਾਂ ਪ੍ਰਦਾਨ ਕਰਨਾ ਮਿਸਾਲ ਹੈ ਕਿ ਸੰਘਰਸ਼ ਦੌਰਾਨ ਸ਼੍ਰੋਮਣੀ ਕਮੇਟੀ ਹਰ ਜ਼ਿੰਮੇਵਾਰੀ ਪ੍ਰਤੀ ਯਤਨਸ਼ੀਲ ਰਹੇਗੀ।
ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲ਼ਾ ਦੇ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਆਦੇਸ਼ਾਂ ‘ਤੇ ਮੁਲਾਜ਼ਮ ਅਤੁੱਟ ਲੰਗਰ ਵਰਤਾਉਣ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਸੰਘਰਸ਼ਸ਼ੀਲ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਜੰਗ ਸਿੰਘ ਇਟਲੀ, ਸੁਖਜੀਤ ਸਿੰਘ ਬਘੌਰਾ, ਲਖਵਿੰਦਰ ਸਿੰਘ, ਰਾਮ ਸਿੰਘ, ਅਮਰਜੀਤ ਸਿੰਘ ਜਾਗਦੇ ਰਹੋ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਸਮੂਹ ਸਟਾਫ਼ ਮੁਲਾਜ਼ਮ ਆਦਿ ਸ਼ਾਮਲ ਸਨ।

#FarmersProtest2024 #KisanAndolan2024 #Farmers #SGPCPresident #HarjinderSinghDhami #SGPC #Sikhs