Total views : 131859
ਮਨੁੱਖੀ ਕੜੀ ਬਣਾ ਕੇ ਕੀਤਾ ਗਿਆ ਪ੍ਰਦਰਸ਼ਨ –
ਸਾਰੇ ਉਮੀਦਵਾਰ ਲੋਕਾਂ ‘ਚ ਪਹੁੰਚੇ –
ਅੰਮ੍ਰਿਤਸਰ, 4 ਮਈ -( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਚੋਂ ਲੰਘਦੇ ਤੁੰਗ ਢਾਬ ਨਾਲੇ ਵਿੱਚ ਵਹਿੰਦੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮਨੁੱਖੀ ਜਾਨਾਂ ਨੂੰ ਪੈਦਾ ਹੋ ਰਹੇ ਵੱਡੇ ਖ਼ਤਰੇ ਨੂੰ ਲੈ ਕੇ ਦਿੱਲੀ ਅਟਾਰੀ ਹਾਈਵੇ ਉਪਰ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰੂ ਨਗਰੀ ਵਿੱਚ ਵੱਗਦੇ “ਮੌਤ” ਦੇ ਇਸ ਨਾਲੇ ਨੇ ਸੈਂਕੜੇ ਮਨੁੱਖੀ ਜਾਨਾਂ ਨੂੰ ਆਪਣੇ ਜ਼ਹਿਰੀਲੇ ਪ੍ਰਦੂਸ਼ਣ ਦੀ ਲਪੇਟ ਵਿੱਚ ਲਿਆ ਹੋਇਆ ਹੈ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਸਰਪ੍ਰਸਤ ਸਾਬਕਾ ਜੁਆਇੰਟ ਡਿਪਟੀ ਡਾਇਰੈਕਟਰ ਐਚ ਐਸ ਘੁੰਮਣ, ਪ੍ਰਧਾਨ ਰਾਜਨ ਮਾਨ, ਸੀਨੀਅਰ ਮੀਤ ਪ੍ਰਧਾਨ ਪ੍ਰੋ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਸਾਬਕਾ ਜਨਰਲ ਮੈਨੇਜਰ ਇੰਡਸਟਰੀ, ਰਣਜੀਤ ਸਿੰਘ ਸੰਧੂ , ਡਾਕਟਰ ਗਗਨਦੀਪ ਸਿੰਘ ਦਿੱਲੋ ਨੇ ਕਿਹਾ ਕਿ ਆਪਣੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਤੋਂ ਦੁੱਖੀ ਲੋਕ ਆਪਣੀ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਹੁਣ ਤੱਕ ਕਈ ਸਰਕਾਰਾਂ ਆਈਆਂ ਹਨ ਅਤੇ ਹਰ ਵਾਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਚਲੇ ਜਾਂਦੇ ਰਹੇ ਹਨ। ਉਹਨਾਂ ਕਿਹਾ ਹੁਣ ਲੋਕਾਂ ਕੋਲ ਆਪਣੇ ਹੱਕ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਇਸ ਤੁੰਗ ਢਾਬ ਨਾਲੇ ਨੇ ਵੇਰਕਾ, ਮਜੀਠਾ ਬਾਈਪਾਸ ਤੋਂ ਗੁਮਟਾਲਾ, ਮਾਹਲ ਪਿੰਡ, ਰਾਮ ਤੀਰਥ ਆਲੇ ਦੁਆਲੇ ਰਹਿਣ ਵਾਲੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ।ਉਹਨਾਂ ਕਿਹਾ ਕਿ ਲੋਕਾਂ ਦੀਆਂ ਵੱਡੀਆਂ ਆਸਾਂ ਉਮੀਦਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਜੁਮਲੇ ਬਾਜ਼ ਹੀ ਨਜ਼ਰ ਆ ਰਹੀ ਹੈ ਜਿਸਨੇ ਵੀ ਲੋਕਾਂ ਦੀ ਅਜੇ ਤੱਕ ਬਾਂਹ ਨਹੀਂ ਫੜੀ। ਉਹਨਾਂ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਪਰ ਗੁਰੂ ਨਗਰੀ ਵਿਚੋਂ ਲੰਘਦੇ ਇਸ ਮੌਤ ਦੇ ਨਾਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਨਿਵੇਕਲੀ ਤਕਨੀਕ ਨਾਲ ਇਸ ਤੁੰਗ ਢਾਬ ਗੰਦੇ ਨਾਲੇ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਵਧੀਆ ਕੀਤਾ ਜਾਵੇ । ਨਾਲੇ ਵਿੱਚ ਦੋਵੇਂ ਪਾਸੇ ਪਾਈਪ ਪਾ ਕੇ ਫੈਕਟਰੀਆਂ ਦੇ ਸੀਵਰੇਜ਼ ਦਾ ਪਾਣੀ ਸ਼ਹਿਰ ਤੋਂ ਬਾਹਰ ਟਰੀਟਮੈਂਟ ਪਲਾਂਟ ਵਿੱਚ ਲਿਜਾਇਆ ਜਾਵੇ ਅਤੇ ਇਸ ਵਿੱਚ ਸਾਫ਼ ਪਾਣੀ ਛੱਡਿਆ ਜਾਵੇ, ਆਲੇ ਦੁਆਲੇ ਹਰਿਆਵਲ ਨੂੰ ਵਿਕਸਿਤ ਕੀਤਾ ਜਾਵੇ ਤਾਂ ਇਹ ਨਰਕ ਬਣਿਆਂ ਨਾਲਾ ਭਵਿੱਖ ਵਿੱਚ ਸੈਰ ਸਪਾਟਾ ਕੇਂਦਰ ਵੀ ਬਣ ਸਕਦਾ!
ਉਹਨਾਂ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ।
ਇਸ ਮੌਕੇ ਤੇ ਵਿਜੇ ਸ਼ਰਮਾ, ਡਾਕਟਰ ਬਿਕਰਮਜੀਤ ਸਿੰਘ ਬਾਜਵਾ, ਜਗਜੀਤ ਸਿੰਘ ਰੰਧਾਵਾ, ਐਸ ਕੇ ਲੂਥਰਾ,ਅਜੇ ਸ਼ਰਮਾ, ਰਜੇਸ਼ ਗੁਪਤਾ, ਗੁਰਪ੍ਰਤਾਪ ਸਿੰਘ ਛੀਨਾ, ਸੁਖਜੀਤ ਸਿੰਘ,ਰਾਜ ਕੁਮਾਰ ਸ਼ਰਮਾ, ਮਨਜੀਤ ਸਿੰਘ ਭੁੱਲਰ, ਦਰਸ਼ਨ ਸਿੰਘ ਬਾਠ, ਦਿਲਬਾਗ ਸਿੰਘ ਸੰਧੂ, ਜਸਵਿੰਦਰ ਸਿੰਘ ਭੱਲਾ,ਪੰਕਜ਼ ਅਰੋੜਾ, ਡਾਕਟਰ ਸੈਣੀ, ਡਾਕਟਰ ਐਮ ਪੀ ਐਸ ਈਸ਼ਰ , ਡਾਕਟਰ ਜੋਗੀ ਆਦਿ ਹਾਜ਼ਰ ਸਨ।
ਵੱਖ-ਵੱਖ ਪਾਰਟੀਆਂ ਦੇ ਪਹੁੰਚੇ ਉਮੀਦਵਾਰਾਂ ਦਿਵਾਇਆ ਵਿਸ਼ਵਾਸ-
ਲੋਕਾਂ ਦੇ ਰੋਹ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਸਾਰਿਆਂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕਾਂ ਦੀ ਆਵਾਜ਼ ਬਨਣਗੇ ਅਤੇ ਇਹ ਮਸਲਾ ਜਲਦ ਹੱਲ ਕਰਵਾਉਣਗੇ।