Total views : 131859
ਅੰਮ੍ਰਿਤਸਰ, 4 ਜੁਲਾਈ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਜ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ. ਨਾਨਕ ਸਿੰਘ ਜੀ ਦੇ ਜਨਮਦਿਨ ਮੌਕੇ ਉਹਨਾਂ ਦੀਆਂ ਲਿਖਤਾਂ ਨਾਲ ਸਾਂਝ ਪਾਉਂਦਿਆਂ ਉਹਨਾਂ ਨੂੰ ਸਿਜਦਾ ਕੀਤਾ ਗਿਆ।
ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਸਥਾਪਿਤ ਕੀਤੇ ਗਏ ਸ.ਨਾਨਕ ਸਿੰਘ ਲਿਟਰੇਰੀ ਸੈਂਟਰ ਵਿਖੇ ਸ.ਨਾਨਕ ਸਿੰਘ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਨਤਮਸਤਕ ਹੁੰਦਿਆਂ ਅਜ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਿਰਜਣਧਾਰਾ ਵਿਚ ਨਾਵਲਕਾਰ ਸ.ਨਾਨਕ ਸਿੰਘ ਵੱਖਰੇ , ਨਿਵੇਕਲੇ ਤੇ ਵਿਲੱਖਣ ਸਾਹਿਤਕਾਰ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1897 ਨੂੰ ਚੱਕ ਹਮੀਦ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਕਵਿਤਾ, ਕਹਾਣੀ ਤੇ ਨਾਵਲ ਰਾਹੀਂ ਸਾਹਿਤ ਦੀ ਰਚਨਾ ਕੀਤੀ ਪ੍ਰੰਤੂ ਨਾਵਲ ਦੇ ਖੇਤਰ ਰਾਹੀਂ ਉਨ੍ਹਾਂ ਨੂੰ ਵਿਸ਼ੇਸ਼ ਪਹਿਚਾਣ ਹਾਸਿਲ ਹੋਈ। ਇਸ ਮੌਕੇ ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਸ. ਨਾਨਕ ਸਿੰਘ ਦੀ ਸਿਰਜਣਾ ਦਾ ਆਹਲਾ ਤਸੱਵਰ ਬੇਮਿਸਾਲ ਹੀ ਨਹੀਂ ਸਗੋਂ ਬਾਕਮਾਲ ਵੀ ਹੈ। ਉਹ ਸਾਹਿਤ ਨੂੰ ਤ੍ਰੈਕਾਲੀ ਸੰਦਰਭ ਵਿਚ ਪੇਸ਼ ਕਰਦੇ ਹਨ। ਉਨ੍ਹਾਂ ਦੇ ਨਾਵਲਾਂ ਨਾਲ ਪੰਜਾਬੀ ਸਾਹਿਤ ਵਿਚ ਕਲਾਤਮਿਕ ਸੁਹਜ ਸਿਰਜਣਾ ਦੀ ਖਿੜਕੀ ਖੁੱਲਦੀ ਹੈ। ਉਨ੍ਹਾਂ ਦੇ ਨਾਵਲਾਂ ਵਿਚ ਸਮਾਜਿਕ ਸਰੋਕਾਰ , ਆਰਥਿਕ ਨਾਬਰਾਬਰੀ, ਸਮਾਜ ਵਿਚਲੇ ਭ੍ਰਿਸ਼ਟਾਚਾਰ , ਪਾਖੰਡ , ਵੱਢੀਖੋਰੀ ਅਤੇ ਫਿਰਕੂ ਜਨੂੰਨ ਆਦਿ ਨੂੰ ਨਸ਼ਰ ਕੀਤਾ ਗਿਆ ਹੈ। ਅੱਜ ਉਨ੍ਹਾਂ ਦੇ ਨਾਵਲਾਂ ਦੀ ਚਰਚਾ ਗਲੋਬ ਦੇ ਹਰ ਖਿੱਤੇ ਵਿਚ ਹੋ ਰਹੀ ਹੈ। ਅੱਜ ਉਨ੍ਹਾਂ ਦੇ ਜਨਮਦਿਨ ਤੇ ਅਸੀਂ ਉਨ੍ਹਾਂ ਦੀ ਬੇਮਿਸਾਲ ਸਾਹਿਿਤਕ ਘਾਲਣਾ ਸਦਕਾ ਉਹਨਾਂ ਨੂੰ ਸਿਜਦਾ ਕਰਦੇ ਹਾਂ। ਇਸ ਮੌਕੇ ਪੰਜਾਬੀ ਦੀਆਂ ਸਕੂਲ ਦੇ ਅਧਿਆਪਕ ਸਾਹਿਬਾਨ ਡਾ. ਮੇਘਾ ਸਲਮਾਨ, ਡਾ. ਬਲਜੀਤ ਕੌਰ, ਡਾ. ਰਾਜਵਿੰਦਰ ਕੌਰ ਅਤੇ ਸਮੂਹ ਖੋਜ ਵਿਦਿਆਰਥੀ ਸ਼ਾਮਿਲ ਸਨ। ਸ. ਨਾਨਕ ਸਿੰਘ ਹੁਰਾਂ ਦੇ ਜਨਮਦਿਨ ਤੇ ਉਨ੍ਹਾਂ ਦੀ ਯਾਦ ਵਿਚ ਪੌਦੇ ਵੀ ਲਗਾਏ ਗਏ।