ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ‘ਪੰਜ ਰੋਜ਼ਾ ਨਾਟ ਉਤਸਵ’ ਚੌਥੇ ਦਿਨ ਤਿੰਨ ਕਹਾਣੀਆਂ ਦਾ ਕੀਤਾ ਗਿਆ ਮੰਚਣ

ਖ਼ਬਰ ਸ਼ੇਅਰ ਕਰੋ
035611
Total views : 131858

ਅੰਮ੍ਰਿਤਸਰ, 04 ਜੁਲਾਈ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)–ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ 01 ਜੁਲਾਈ ਤੋਂ 5 ਜੁਲਾਈ ਤੱਕ ਲਗਾਈ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਵਿਚ ਪੰਜਾਬ ਸਮੇਤ ਭਾਰਤ ਦੇ ਵੱਖ–ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਪੰਜ ਨਾਟਕ ਤਿਆਰ ਕੀਤੇ ਗਏ। ਇਸ ਪੰਜ ਰੋਜ਼ਾਂ ਨਾਟ ਉਤਸਵ ਦੇ ਚੌਥੇ ਦਿਨ ਤਿੰਨ ਕਹਾਣੀਆਂ ’ਤੇ ਅਧਾਰਿਤ ਨਾਟਕਾਂ ਦਾ ਮੰਚਣ ਕੀਤਾ ਗਿਆ। ਇਸ ਤਿੰਨ ਕਹਾਣੀਆਂ ਦੇ ਲੇਖਕ ਡਾ. ਸਵਰਾਜਬੀਰ, ਵੀਨਾ ਵਰਮਾ ’ਤੇ ਮਨਿੰਦਰ ਸਿੰਘ ਕਾਂਗ ਹਨ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕਾਂ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਕਹਾਣੀ ਦਾ ਰੰਗਮੰਚ ਸ਼ੈਲੀ ਰਾਹੀਂ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ ਗਿਆ ਹੈ। ਤਿੰਨ ਵੱਖ-ਵੱਖ ਕਹਾਣੀਆਂ ਦਾ ਮੰਚਨ ਕਲਾਕਾਰਾਂ ਨੇ ਸੰਬੋਧਨ ਤੇ ਅਦਾਕਾਰੀ ਦੇ ਹਾਵ-ਭਾਵ ਨਾਲ ਪੇਸ਼ ਕੀਤਾ ਹੈ। ਪਹਿਲੀ ਕਹਾਣੀ ‘ਖੁਸ਼ਬੂ’ ਡਾ: ਸਵਰਾਜਬੀਰ ਦੀ ਲਿਖੀ ਹੋਈ ਹੈ। ਇਕ ਬਾਪ ਵਲੋਂ ਅਣਖ਼ ਖਾਤਰ ਆਪਣੀ ਹੀ ਧੀ ਦੇ ਕੀਤੇ ਕਤਲ ਦੀ ਕਹਾਣੀ ਹੈ। ਦੂਜੀ ਕਹਾਣੀ ਵੀਨਾ ਵਰਮਾ ਦੀ ‘ਹੁਣ ਮੈਂ ਸੈੱਟ ਹਾਂ’ ਪੇਸ਼ ਕੀਤੀ ਗਈ, ਇਸ ਕਹਾਣੀ ਵਿਚ ਵਿਦੇਸ਼ ਪੜ੍ਹਨ ਗਏ ਨੌਜਵਾਨ ਦੀ ਗਾਥਾ ਹੈ। ਤੀਜੀ ਕਹਾਣੀ ਮਨਿੰਦਰ ਕਾਂਗ ਦੀ ਪ੍ਰਸਿੱਧ ਰਚਨਾ ‘ਭਾਰ’ ਹੈ। ਵਹਿਸ਼ਤ ਦੇ ਦਹਿਸ਼ਤ ਦੇ ਦਿਨਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨਾਟਕ ਵਿੱਚ ਸਾਜਨ ਕੋਹਿਨੂਰ ਅਤੇ ਯੁਵਨੀਸ਼ ਸ਼ਰਮਾ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਡਾ. ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਐਸ. ਪੀ. ਅਰੋੜਾ, ਗਾਇਕ ਹਰਿੰਦਰ ਸੋਹਲ, ਪ੍ਰਿਤਪਾਲ ਰੁਪਾਣਾ, ਜਸਵੰਤ ਸਿੰਘ ਜੱਸ, ਧਰਵਿੰਦਰ ਸਿੰਘ ਔਲਖ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।