ਵੋਟਰ ਜਾਗਰੂਕਤਾ ਮੁਹਿੰਮ ਅੰੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਾਤਾਰ ਜ਼ਾਰੀ

ਖ਼ਬਰ ਸ਼ੇਅਰ ਕਰੋ
035609
Total views : 131856

ਅੰਮ੍ਰਿਤਸਰ 14 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਅਗਾਮੀ ਲੋਕਸਭਾ ਚੋਣਾਂ ਵਿੱਚ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਸਬੰਧੀ ਇੱਕ ਰੀਵਿਊ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ।ਇਸ ਮੌਕੇ ਆਪਣੇ ਸੰਬੌਧਨ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਕਮੇਟੀ ਦੇ ਮੁੱਖੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਿਕਾਸ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਕਈ ਲਗਾਤਾਰ ਸਵੀਪ ਗਤੀਵਿਧੀਆਂ ਕਰਵਾਉਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ,ਜਿਸ ਉੱਤੇ ਅਮਲ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਵਿਧਾਨ ਸਭਾ ਖੇਤਰਾਂ ਵਿੱਚ ਜੰਗੀ ਪੱਧਰ ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਉਹਨਾਂ ਦੱਸਿਆ ਕਿ ਇਸਦੇ ਨਾਲ-ਨਾਲ ਅਟਾਰੀ ਬਾਰਡਰ,ਹੈਰੀਟੇਜ਼ ਸਟਰੀਟ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੀ ਮੈਗਾ ਇਵੈਂਟ ਕਰਵਾਏ ਗਏ ਹਨ।ਉਹਨਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ ਵੋਟਰ ਜਾਗਰੂਕਤਾ ਵਾਲ ਪੇਂਟਿੰਗਾਂ ਬਣਵਾਈਆਂ ਗਈਆਂ ਹਨ,ਜਿਹਨਾਂ ਨੂੰ ਸ਼ਹਿਰ ਵਾਸੀਆਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਤੋਂ ਕੁਝ ਦਿਨ ਪਹਿਲਾਂ ਇਹ ਸੁਝਾਅ ਪ੍ਰਾਪਤ ਹੋਇਆ ਸੀ ਕਿ ਅਗਾਮੀ ਲੋਕਸਭਾ ਚੋਣਾਂ ਵਿੱਚ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤੇ ਜਾਣ।ਉਹਨਾਂ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਪੈਂਦੇ 11 ਵਿਧਾਨਸਭਾ ਹਲਕਿਆਂ ਵਿੱਚ ਹਰੇਕ ਵਿਧਾਨਸਭਾ ਹਲਕੇ ਦੇ ਇੱਕ ਪੋਲਿੰਗ ਬੂਥ ਨੂੰ ਗ੍ਰੀਨ ਪੋਲਿੰਗ ਬੂਥ ਬਣਾਇਆ ਜਾਵੇਗਾ।ਉਹਨਾਂ ਕਿਹਾ ਕਿ ਇਹਨਾਂ ਪੋਲਿੰਗ ਬੂਥਾਂ ਨੂੰ ਪੋਲਿੰਗ ਵਾਲੇ ਦਿਨ ਇਕੋ ਫ੍ਰੈਂਡਲੀ ਦਿੱਖ ਦਿੱਤੀ ਜਾਵੇਗੀ ਅਤੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਜਾਵੇਗਾ।ਉਹਨਾਂ ਕਿਹਾ ਕਿ ਗ੍ਰੀਨ ਪੋਲਿੰਗ ਬੂਥ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕਰਨਾ ਅਤੇ ਗਲੋਬਲ ਵਾਰਮਿੰਗ ਜਿਹੇ ਗੰਭੀਰ ਮੁੱਦੇ ਤੇ ਲੋਕਾਂ ਨੂੰ ਹਾਂ ਪੱਖੀ ਸੁਨੇਹਾ ਦੇਣਾ ਹੈ।ਉਹਨਾਂ ਕਿਹਾ ਕਿ ਇਹਨਾਂ ਬੂਥਾਂ ਨੂੰ ਬਣਾਉਣ ਲਈ ਕੁੱਝ ਐਨ.ਜੀ.ਓ. ਦਾ ਸਹਿਯੋਗ ਲੈਣ ਦੀ ਵੀ ਤਜ਼ਵੀਜ਼ ਹੈ।ਉਹਨਾਂ ਕਿਹਾ ਕਿ ਚੋਣਾਂ ਵਿੱਚ ਹਰ ਵਰਗ ਦਾ ਯੋਗਦਾਨ ਬਹੁਤ ਜ਼ਰੂਰੀ ਹੈ,ਇਸੇ ਲਈ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਪਹਿਲੀ ਵਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਟ੍ਰਾਂਸਜੈਂਡਰਾਂ ਨੂੰ ਇੱਕੋ ਜਗ੍ਹਾ ਇੱਕਠਾ ਕਰਕੇ ਵੋਟਰ ਜਾਗਰੂਕਤਾ ਮਾਰਚ ਕੱਢਿਆ ਗਿਆ ਸੀ।ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੱਧਰ ਤੇ ਸਵੀਪ ਸੈੱਲ ਸਥਾਪਿਤ ਕੀਤਾ ਗਿਆ ਹੈ,ਜਿੱਥੇ ਸਾਰੀਆਂ ਗਤੀਵਿਧੀਆਂ ਦੀ ਯੋਜਨਾਬੰਧੀ ਅਤੇ ਮੁਨੀਟਰਿੰਗ ਕੀਤੀ ਜਾ ਰਹੀ ਹੈ।ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਸੱਭ ਨੂੰ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਇਸ ਬਾਰ ਦੇਸ਼ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ,ਇਸ ਲਈ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਚੋਣਾਂ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਭਾਗ ਲਈਏ।ਉਹਨਾਂ ਕਿਹਾ ਕਿ ਮੌਜੂਦਾ ਯੁਗ ਸੋਸ਼ਲ ਮੀਡੀਆ ਦਾ ਯੁਗ ਹੈ,ਇਸ ਲਈ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਸ ਵਾਰ ‘ਅਬ ਕੀ ਬਾਰ ਸੱਤਰ ਪ੍ਰਤੀਸ਼ਤ ਪਾਰ’ ਦਾ ਨਾਅਰਾ ਦਿੱਤਾ ਗਿਆ ਹੈ,ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ,ਤਾਂ ਜੋ ਜ਼ਿਲ੍ਹਾ ਅੰਮ੍ਰਿਤਸਰ ਵਿੱਚ 70 ਪ੍ਰਤੀਸ਼ਤ ਵੋਟਿੰਗ ਦੇ ਆਂਕੜੇ ਨੂੰ ਪਾਰ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਸਾਰੇ ਵੋਟਰ 1 ਜੂਨ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੀ ਪੋਲੰਿਗ ਵਿੱਚ ਜ਼ਰੂਰ ਆਪਣੇ ਵੋਟ ਪਾਉਣ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨ।ਇਸ ਮੋਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਸੰਦੀਪ ਮਲਹੋਤਰਾ,ਡਿਪਟੀ ਡੀ.ਈ.ਓ. ਸ਼੍ਰੀਮਤੀ ਇੰਦੂ ਮੰਗੋਤਰਾ, ਸ.ਬਲਰਾਜ ਸਿੰਘ, ਪੰਕਜ ਕੁਮਾਰ, ਆਸ਼ੂ ਧਵਨ, ਮੁਨੀਸ਼ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।