ਅਬਾਦ ਖੇਡ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ 6 ਜਨਵਰੀ ਨੂੰ ਹੋਵੇਗਾ

ਖ਼ਬਰ ਸ਼ੇਅਰ ਕਰੋ
035606
Total views : 131852

ਬੈਡਮਿੰਟਨ ਅਤੇ ਕ੍ਰਿਕਟ ਦੇ ਫਾਈਨਲ ਮੈਚ ਗੁਰਦਾਸਪੁਰ ਵਿਖੇ ਹੋਣਗੇ

ਹਾਕੀ ਦਾ ਫਾਈਨਲ ਮੈਚ ਪਿੰਡ ਮਰੜ ਦੇ ਐਸਟਰੋਟਰਫ ਸਟੇਡੀਅਮ ਵਿਖੇ ਹੋਵੇਗਾ

ਗੁਰਦਾਸਪੁਰ, 5 ਜਨਵਰੀ — ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਅਬਾਦ ਖੇਡ ਟੂਰਨਾਮੈਂਟ-2023-24 (ਸੀਜ਼ਨ-1) ਦਾ ਸਮਾਪਤੀ ਸਮਾਰੋਹ 6 ਜਨਵਰੀ 2024 ਨੂੰ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅਬਾਦ ਖੇਡ ਟੂਰਨਾਮੈਂਟ ਵਿੱਚ ਫੁੱਟਬਾਲ (ਲੜਕੇ), ਹਾਕੀ (ਲੜਕੇ), ਕ੍ਰਿਕੇਟ (ਲੜਕੇ), ਜਿਮਨਾਸਟਿਕ (ਲੜਕੇ ਤੇ ਲੜਕੀਆਂ), ਬੈਡਮਿੰਟਨ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ ਹਨ, ਜਿਸ ਵਿਚੋਂ ਫੁੱਟਬਾਲ ਅਤੇ ਜਿਮਨਾਸਟਿਕ ਦੀਆਂ ਖੇਡਾਂ ਦੇ ਫਾਈਨਲ ਮੁਕਾਬਲੇ ਹੋ ਚੁੱਕੇ ਹਨ ਜਦਕਿ 6 ਜਨਵਰੀ 2024 ਨੂੰ ਕ੍ਰਿਕੇਟ, ਬੈਡਮਿੰਟਨ ਅਤੇ ਹਾਕੀ ਦੇ ਫਾਈਨਲ ਮੁਕਾਬਲੇ ਹੋਣਗੇ।

ਜ਼ਿਲ੍ਹਾ ਖੇਡ ਅਫ਼ਸਰ ਸ. ਰੰਧਾਵਾ ਨੇ ਦੱਸਿਆ ਕਿ ਬੈਡਮਿੰਟਨ ਦਾ ਫਾਈਨਲ ਮੈਚ ਦੁਪਹਿਰ 12 ਵਜੇ ਬੈਡਮਿੰਟਨ ਹਾਲ, ਗੁਰਦਾਸਪੁਰ ਵਿਖੇ ਸ਼ੁਰੂ ਹੋਵੇਗਾ ਅਤੇ ਇਨਾਮਾਂ ਦੀ ਵੰਡ ਦਪਹਿਰ 1:30 ਵਜੇ ਹੋਵੇਗੀ। ਇਸੇ ਤਰ੍ਹਾਂ ਕ੍ਰਿਕਟ ਦਾ ਫਾਈਨਲ ਮੈਚ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿੱਚ 11:00 ਵਜੇ ਸ਼ੁਰੂ ਹੋਵੇਗਾ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ 2:30 ਵਜੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ ਹੋਣ ਵਾਲੇ ਬੈਡਮਿੰਟਨ ਅਤੇ ਕ੍ਰਿਕਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਪ੍ਰਧਾਨ ਸ੍ਰੀ ਸੁਰਿੰਦਰ ਅਗਰਵਾਲ ਵੱਲੋਂ ਕੀਤੀ ਜਾਵੇਗੀ।

ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਹਾਕੀ ਦਾ ਫਾਈਨਲ ਮੈਚ ਐਸਟਰੋਟਰਫ ਹਾਕੀ ਸਟੇਡੀਅਮ ਪਿੰਡ ਮਰੜ ਵਿਖੇ ਸ਼ਾਮ 5:00 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਹਾਕੀ ਦੇ ਫਾਈਨਲ ਮੈਚ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਪ੍ਰਧਾਨ ਸ੍ਰੀ ਸੁਰਿੰਦਰ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 6 ਜਨਵਰੀ‌ ਦਿਨ ਸ਼ਨੀਵਾਰ ਨੂੰ ਹੋਣ ਵਾਲੇ ਅਬਾਦ ਖੇਡ ਟੂਰਨਾਮੈਂਟ ਦੇ ਫਾਈਨਲ ਮੈਚਾਂ ਨੂੰ ਦੇਖਣ ਲਈ ਪਹੁੰਚਣ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ।