ਲੋਕਤੰਤਰ ਦੀ ਮਜ਼ਬੂਤੀ ਲਈ ਆਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੀਏ- ਰਿਟਰਨਿੰਗ ਅਫਸਰ

ਖ਼ਬਰ ਸ਼ੇਅਰ ਕਰੋ
035630
Total views : 131885

ਅੱਜ ਦਾ ਦਿਨ ਫਿਰ ਪੰਜ ਸਾਲਾਂ ਬਾਅਦ ਆਵੇਗਾ, ਵੋਟ ਜ਼ਰੂਰ ਪਾਉਣਾ- ਸ੍ਰੀ ਸੰਦੀਪ ਕੁਮਾਰ
ਨਿਰਪੱਖ ਤੇ ਸ਼ਾਤੀਪੂਰਨ ਚੋਣਾਂ ਲਈ ਤਿਆਰੀਆਂ ਮੁਕੰਮਲ, ਸੁਰੱਖਿਆ ਦੇ ਕੀਤੇ ਗਏ ਸਖਤ ਇੰਤਜ਼ਾਮ
ਤਰਨ ਤਾਰਨ,  31ਮਈ-(ਡਾ. ਦਵਿੰਦਰ ਸਿੰਘ)-ਲੋਕ ਸਭਾ ਹਲਕਾ-03 ਖਡੂਰ ਸਾਹਿਬ ਦੇ ਰਿਟਰਨਿੰਗ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਆਪਣੇੇ ਹਲਕੇ ਦੇ ਵੋਟਰਾਂ ਨੂੰ ਰਿਕਾਰਡਤੋੜ ਵੋਟਿੰਗ ਕਰਨ ਦੀ ਅਪੀਲ ਕੀਤੀ।ਉਨਾ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜ਼ਿਲਾ੍ਹ ਚੋਣ ਦਫਤਰ ਵੱਲੋਂ ਅੱਜ ਦੇ ਦਿਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਨਾਂ ਨੂੰ ਉਮੀਦ ਹੈ ਕਿ ਹਲਕੇ ਦੇ ਵੋਟਰ ਉਨਾਂ ਵੱਲੋਂ ਮਿਥੇ ਗਏ 75 ਫੀਸਦੀ ਤੋਂ ਪਾਰ ਵੋਟਿੰਗ ਹੋਣ ਦਾ ਟੀਚਾ ਪ੍ਰਾਪਤ ਕਰਨ ਵਿੱਚ ਸਹਿਯੋਗ ਦੇਣਗੇ।
ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹਰ ਇੱਕ ਵੋਟਰ ਨੂੰ ਇਹ ਯਾਦ ਰੱਖਣਾ ਹੈ ਕਿ ਅੱਜ ਦਾ ਦਿਨ ਅਗਲੀ ਵਾਰ ਪੰਜ ਸਾਲਾਂ ਬਾਅਦ ਆਵੇਗਾ, ਇਸ ਲਈ ਹਰ ਇੱਕ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਭੈਅ ਤੋਂ ਪੂਰੀ ਤਰਾਂ੍ਹ ਸੁਤੰਤਰ ਹੋ ਕੇ ਕਰੇ।
ਰਿਟਰਨਿੰਗ ਅਫਸਰ ਨੇ ਕਿਹਾ ਵੋਟਿੰਗ ਦਾ ਦਿਨ ਹਰ ਇੱਕ ਵਰਗ ਲਈ ਬਹੁਤ ਅਹਿਮ ਹੁੰਦਾ ਹੈ ਅਤੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ ਮੁਲਕ ਦੀ ਬੇਹਤਰੀ ਲਈ ਉਮੀਦਵਾਰ ਅਤੇ ਸਰਕਾਰ ਦੀ ਚੋਣ ਕਰਦੇ ਹਨ। ਉਨਾ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਵੋਟ ਪਾਉਣਾ ਬਹੁਤ ਸ਼ਕਤੀਸ਼ਾਲੀ ਅਧਿਕਾਰ ਹੈ ਅਤੇ ਲੋਕਤੰਤਰ ਦੇ ਇਸ ਤਿਉਹਾਰ ਨੂੰ ਹਰ ਕੋਈ ਪੂਰੇ ਉਤਸ਼ਾਹ ਨਾਲ ਮਨਾਵੇ।
ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਲਕਾ ਖਡੂਰ ਸਾਹਿਬ ਲਈ ਪੋਲਿੰਗ ਪਾਰਟੀਆਂ ਨੂੰ ਸੁਰੱਖਿਆ ਇੰਤਜ਼ਾਮਾਂ ਨਾਲ ਆਪਣੇ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16,67,797 ਹੈ, ਜਿੰਨ੍ਹਾ ਵਿੱਚ 8,76,281 ਪੁਰਸ਼, 7,91,449 ਮਹਿਲਾ ਅਤੇ 67 ਟਰਾਂਸਜੈਂਡਰ ਵੋਟਰ ਹਨ ਹੈ।ਉਨਾ ਦੱਸਿਆ ਕਿ ਹਲਕੇ ਦੇ ਵਿੱਚ 107 ਮਾਡਲ ਬੂਥ ਸਥਾਪਿਤ ਕੀਤੇ ਅਤੇ ਅਜਿਹੇ ਬੂਥਾਂ ਤਿਆਰ ਕਰਨ ਦਾ ਮੁੱਖ ਮੰਤਵ ਵੋਟਰਾਂ ਨੂੰ ਚੋਣਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ।ਉਨਾਂ ਦੱਸਿਆ ਕੁੱਲ 13 ਪਿੰਕ ਬੂਥ ਬਣਾਏ ਗਏ ਹਨ, ਜਿਥੇ ਸਿਰਫ ਮਹਿਲਾ ਪੋਲਿੰਗ ਸਟਾਫ ਤਾਇਨਾਤ ਹੋਵੇਗਾ ਅਤੇ ਇਸ ਤੋਂ ਇਲਾਵਾ 9 ਬੂਥ ‘ਤੇ ਦਿਵਿਆਂਗਜਨ ਪੋਲਿੰਗ ਸਟਾਫ ਤਾਇਨਾਤ ਰਹੇਗਾ।
ਰਿਟਰਨਿੰਗ ਅਫਸਰ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਇੱਕ ਅਜਿਹੀ ਪਾਰਲੀਮਾਨੀ ਸੀਟ ਹੈ ਜੋ ਕਿ ਚਾਰ ਜ਼ਿਲ੍ਹਿਆਂ (ਤਰਨ ਤਾਰਨ, ਅੰਮ੍ਰਿਤਸਰ, ਕਪੂਲਥਲਾ ਅਤੇ ਫਿਰੋਜ਼ਪੁਰ) ਵਿੱਚ ਆਉਂਦੀ ਹੈ ਅਤੇ ਹਰ ਇੱਕ ਬੂਥ ਸਫਲ ਚੋਣਾਂ ਕਰਵਾਉਣ ਪੂਰੀ ਤਰਾਂ੍ਹ ਤਿਆਰ ਹੈ।
ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਅਡਵਾਇਜ਼ਰੀ ਜਾਰੀ ਕੀਤੀ ਹੈ, ਉਨ੍ਹਾਂ ਦੱਸਿਆ ਕਿ ਜ਼ਿਲਾ੍ਹ ਚੋਣ ਦਫਤਰ ਵੱਲੋਂ ਵੋਟਾਂ ਵਾਲੇ ਦਿਨ ਹਲਕਾ ਖਡੂਰ ਸਾਹਿਬ ਦੇ ਹਰ ਇੱਕ ਬੂਥ ‘ਤੇ ਛਾਂ ਲਈ ਸ਼ੈਡ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਵੋਟਰਾਂ ਨੂੰ ਧੁੱਪ ਅਤੇ ਗਰਮੀ ਕਾਰਨ ਪਰੇਸ਼ਾਨੀ ਨਾ ਝੱਲਣੀ ਪਵੇ।
ਇਸ ਤੋਂ ਇਲਾਵਾ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਣ ਦਫਤਰ ਵੱਲੋਂ ਬੀ. ਐਲ. ਓਜ਼ ਰਾਹੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਹਰ ਇੱਕ ਬੂਥ ‘ਤੇ ਲੋੜ ਅਨੁਸਾਰ ਪੱਖੇ, ਕੂਲਰ ਲਗਾਏ ਜਾਣ ਤਾਂ ਜੋ ਗਰਮੀ ਕਾਰਨ ਆਪਣੀ ਵੋਟ ਪਾਉਣ ਦੇ ਇੰਤਜ਼ਾਰ ਕਰ ਰਹੇ ਵੋਟਰਾਂ ਨੂੰ ਕਿਸੇ ਤਰਾਂ੍ਹ ਦੀ ਦਿੱਕਤ ਨਾ ਮਹਿਸੂਸ ਹੋਵੇ।ਉਹਨਾਂ ਕਿਹਾ ਕਿ ਹਲਕੇ ਦੇ ਹਰ ਇੱਕ ਬੂਥ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਵੀ ਜ਼ਿਲਾ੍ਹ ਚੋਣ ਦਫਤਰ ਵੱਲੋਂ ਕੀਤਾ ਗਿਆ ਹੈ।
ਉਨਾਂ ਕਿਹਾ ਵੋਟਰਾਂ ਤੋਂ ਇਲਾਵਾ ਸੈਕਟਰ ਸੁਪਰਵਾਇਜ਼ਰਾਂ ਅਤੇ ਬੀ. ਐਲ. ਓਜ਼ ਵੱਲੋਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਹੈ ਕਿ ਵੋਟਿੰਗ ਸਟਾਫ ਨੂੰ ਵੀ ਬੂਥ ‘ਤੇ ਮਿਆਰੀ ਸਹੂਲਤਾਂ ਮਿਲਣ ਤਾਂ ਜੋ ਵੋਟਿੰਗ ਦੌਰਾਨ ਗਰਮੀ ਕੰਮ-ਕਾਜ ‘ਤੇ ਅਸਰ ਨਾ ਪਾਵੇ।ਉਨਾਂ ਕਿਹਾ ਕਿ ਚੋਣ ਦਫਤਰ ਵੱਲੋਂ ਵੋਟਿੰਗ ਸਟਾਫ ਨੂੰ ਓ. ਆਰ. ਐਸ. ਮੁਹੱਈਆ ਕਰਵਾਇਆ ਗਿਆ ਹੈ ਅਤੇ ਉਨਾਂ ਵੱਲੋਂ ਸਟਾਫ ਲਈ ਸੁਝਾਅ ਹੈ ਕਿ ਉਹ ਓ. ਆਰ. ਐਸ ਯੁਕਤ ਪਾਣੀ ਦਾ ਪ੍ਰਯੋਗ ਕਰਨ।
ਰਿਟਰਨਿੰਗ ਅਫਸਰ ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਵੋਟਿੰਗ ਸਵੇੇਰੇ 07 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 06 ਵਜੇ ਤੱਕ ਚੱਲੇਗੀ ਅਤੇ ਦੁਪਹਿਰ ਸਮੇਂ ਗਰਮੀ ਪੂਰੀ ਸ਼ਿਖਰਾਂ ‘ਤੇ ਹੁੰਦੀ ਹੈ ਅਤੇ ਉਹ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਸਵੇਰੇ-ਸਵੇਰੇ ਤਾਪਮਾਨ ਘੱਟ ਹੁੰਦਾ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਤੋਂ ਵੱਧ ਵੋਟਰ ਦੁਪਹਿਰ ਦੇ ਸਮੇਂ ਤੋਂ ਪਹਿਲਾਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
ਉਨਾਂ ਕਿਹਾ ਕਿ 85 ਸਾਲਾਂ ਤੋਂ ਵੱਧ ਉਮਰ ਵਾਲੇ ਬਜ਼ੁਰਗ ਵਿਅਕਤੀ ਅਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜ਼ਿਲਾ੍ਹ ਚੋਣ ਦਫਤਰ ਵੱਲੋਂ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵੱਧ ਰਹੀ ਗਰਮੀ ਦੇ ਬਾਵਜੂਦ ਵੀ ਚੋਣ ਅਮਲਾ ਪੂਰੀ ਤਰਾਂ੍ਹ ਮੁਸਤੈਦ ਅਤੇ ਤੱਤਪਰ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਹਲਕੇ ਦੇ ਵੋਟਰ ਉਨਾਂ ਵੱਲੋਂ ਮਿਥੇ 75 ਪਾਰ ਵੋਟਿੰਗ ਨੂੰ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਉਨਾਂ ਦਾ ਸਹਿਯੋਗ ਕਰਨਗੇ।
ਸੁਰੱਖਿਆ ਇੰਤਜ਼ਾਮਾਂ ਬਾਰੇ ਜਾਣਕਾਰੀ ਦਿੰਦਿਆ ਜ਼ਿਲਾ੍ਹ ਚੋਣ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹਲਕੇ ਦੇ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਨੀਮ ਫੌਜੀ ਬਲਾਂ ਵੱਲੋਂ ਮੁਸਤੈਦੀ ਨਾਲ ਗਸ਼ਤ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਬੀ. ਐੱਸ. ਐੱਫ ਵੱਲੋਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ।ਉਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਨਹੀਂ ਦਿੱਤੀ ਜਾਵੇਗੀ ਅਤੇ ਪੂਰੇ ਅਮਨ-ਅਮਾਨ ਦੇ ਨਾਲ ਵੋਟਿੰਗ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ।
———-