ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹੋਣਹਾਰ ਯੁਵਕ ਸੇਵਾਵਾਂ ਕਲੱਬਾਂ ਨੂੰ ਪ੍ਰਦਾਨ ਕੀਤੇ ਸਹਾਇਤਾ ਰਾਸ਼ੀ ਦੇ ਚੈੱਕ

ਖ਼ਬਰ ਸ਼ੇਅਰ ਕਰੋ
035611
Total views : 131858

ਸਮਾਜ ਸੇਵਾ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਯੁਵਕ ਸੇਵਾਵਾਂ ਕਲੱਬ — ਕੋਮਲ ਮਿੱਤਲ
ਕਿਹਾ, ਨਸ਼ੇ ਦੀ ਰੋਕਥਾਮ ’ਚ ਯੂਥ ਕਲੱਬਾਂ ਦੀ ਅਹਿਮ ਭੂਮਿਕਾ—
ਹੁਸ਼ਿਆਰਪੁਰ, 5 ਜਨਵਰੀ– ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਜ਼ਿਲ੍ਹੇ ’ਚ ਕੰਮ ਕਰ ਰਹੇ ਯੁਵਕ ਸੇਵਾਵਾਂ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਉਨ੍ਹਾਂ ਨੂੰੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਨ੍ਹਾਂ ਯੂਥ ਕਲੱਬਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਅਤੇ ਸਮਾਜ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਪ੍ਰੀਤ ਕੋਹਲੀ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕਿਹਾ ਕਿ ਇਹ ਯੁਵਕ ਸੇਵਾਵਾਂ ਵਿਭਾਗ ਦੀ ਬਿਹਤਰੀਨ ਪਹਿਲ ਹੈ ਕਿ ਯੁਵਕ ਸੇਵਾਵਾਂ ਕਲੱਬਾਂ ਨੂੰ ਵਿੱਤੀ ਸਹਾਇਤਾ ਦੇ ਕੇ ਸਮਾਜਿਕ ਗਤੀਵਿਧੀਆਂ ਵਿਚ ਸਰਕਾਰ ਦਾ ਸਹਿਯੋਗ ਕਰਨ ਲਈ ਸਰਗਰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਲੱਬ ਸਮਾਜਿਕ ਗਤੀਵਿਧੀਆਂ ਦੌਰਾਨ ਖੂਨਦਾਨ, ਨਸ਼ੇ ਦੇ ਖਿਲਾਫ਼ ਜਾਗਰੂਕਤਾ, ਖੇਡਾਂ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਯੋਗਦਾਨ ਦੇ ਰਹੇ ਹਨ, ਉਨ੍ਹਾਂ ਨੂੰ ਇਹ ਸਹਾਇਤਾ ਰਾਸ਼ੀ ਪੁਰਸਕਾਰ ਅਤੇ ਗ੍ਰਾਂਟ ਦੇ ਰੂਪ ਵਿਚ ਦਿੱਤੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਅਤੇ ਇਲਾਕੇ ਵਿਚ ਨਸ਼ੇ ਖਿਲਾਫ਼ ਜਾਗਰੂਕਤਾ ਲਿਆਉਣ ਵਿਚ ਸਹਿਯੋਗ ਕਰਨ ਅਤੇ ਜੇਕਰ ਕੋਈ ਵਿਅਕਤੀ ਨਸ਼ੇ ਦੇ ਕਾਰੋਬਾਰ ਵਿਚ ਪਾਇਆ ਗਿਆ, ਤਾਂ ਉਸ ਸਬੰਧ ਵਿਚ 112 ਨੰਬਰ ਡਾਇਲ ਕਰਕੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਭਾਗ ਦੇ ਮੁੱਖ ਸਕੱਤਰ ਸਰਬਜੀਤ ਸਿੰਘ ਅਤੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾਂ ’ਤੇ ਜਿਲ੍ਹੇ ਦੇ ਸਰਗਰਮ ਯੂਥ ਕਲੱਬਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਵਲੋਂ ਉਸਮਾਨ ਸ਼ਹੀਦ, ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਹਰਿਆਣਾ, ਡਾ. ਭੀਮ ਰਾਓ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਢੋਲਣਵਾਲ, ਯੁਵਕ ਸੇਵਾਵਾਂ ਕਲੱਬ ਢੱਡੇ ਫਤਿਹ ਸਿੰਘ, ਯੁਵਕ ਸੇਵਾਵਾਂ ਕਲੱਬ ਬੋਦਲ ਛਾਉਣੀ, ਯੁਵਕ ਸੇਵਾਵਾਂ ਕਲੱਬ ਗÇਲੰਡ, ਯੁਵਕ ਸੇਵਾਵਾਂ ਕਲੱਬ ਗਗ ਜਲੋ, ਯੁਵਕ ਸੇਵਾਵਾਂ ਕਲੱਬ ਬਡਿਆਲ, ਯੁਵਕ ਸੇਵਾਵਾਂ ਕਲੱਬ ਹਲੇੜ, ਯੁਵਕ ਸੇਵਾਵਾਂ ਕਲੱਬ ਡੰਡੋਹ, ਯੁਵਕ ਸੇਵਾਵਾਂ ਕਲੱਬ ਧਾਲੀਵਾਲ, ਯੁਵਕ ਸੇਵਾਵਾਂ ਕਲੱਬ ਮੈਲੀ, ਦਸਮੇਸ਼ ਯੁਵਕ ਸੇਵਾਵਾਂ ਕਲੱਬ ਰੰਧਾਵਾ ਆਦਿ ਦੇ ਪ੍ਰਧਾਨਾਂ, ਮੈਂਬਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ। ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਸਹਾਇਤਾ ਰਾਸ਼ੀ ਨਾਲ ਯੁਵਕ ਸੇਵਾਵਾਂ ਕਲੱਬ ਆਪਣੇ ਪੱਧਰ ’ਤੇ ਜ਼ਰੂਰਤ ਅਨੁਸਾਰ ਖੇਡ ਦਾ ਸਾਮਾਨ ਅਤੇ ਹੋਰ ਗਤੀਵਿਧੀਆਂ ਲਈ ਜ਼ਰੂਰੀ ਸਾਮਾਨ ਖਰੀਦ ਸਕਦੇ ਹਨ। ਉਨ੍ਹਾਂ ਇਸ ਦੌਰਾਨ ਆਏ ਸਾਰੇ ਕਲੱਬਾਂ ਦਾ ਧੰਨਵਾਦ ਕੀਤਾ।