




Total views : 148888







ਹੜ੍ਹਾਂ ਦੀ ਅਗਾਊ ਰੋਕਥਾਮ ਲਈ ਡਰੇਨਾਂ ਦੀ ਸਫਾਈ ਤੇ ਧੁੱਸੀ ਬੰਨ੍ਹਾਂ ਦੀ ਮਜ਼ਬੂਤੀ ਲਈ ਮਾਨ ਸਰਕਾਰ ਨੇ ਕੀਤੇ 120 ਕਰੋੜ ਰੁਪਏ ਜਾਰੀ-ਮੰਤਰੀ ਧਾਲੀਵਾਲ
ਮੰਤਰੀ ਧਾਲੀਵਾਲ ਨੇ ਦਰਿਆ ਰਾਵੀ ਕੰਢੇ ਧੁੱਸੀ ਬੰਨ੍ਹਾਂ ਤੇ ਨਵ ਨਿਰਮਾਣ ਅਧੀਨ ਪੁੱਲ ਦਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਲਿਆ ਜਾਇਜ਼ਾ-
ਅੰਮ੍ਰਿਤਸਰ, 1 ਜੁਲਾਈ (ਡਾ. ਮਨਜੀਤ ਸਿੰਘ)- ਅੱਜ ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਸਬ ਡਵੀਜਨ ‘ਚ ਭਾਰਤ –ਪਾਕਿ ਕੌਮਾਂਤਰੀ ਸਰਹੱਦ ‘ਚੋਂ ਲੰਘਦਾ ਫਨੀਅਰ ਸੱਪ ਵਾਂਗ ਪੇਲਦੇ ਰਾਵੀ ਦਰਿਆ ‘ਚ ਮੌਨਸੂਨ ਦੀਆਂ ਸ਼ੁਰੂ ਹੋਈਆਂ ਬਰਸਾਤਾਂ ‘ਚ ਪਾਣੀ ਦਾ ਪੱਧਰ ਵੱਧਣ ਅਤੇ ਸਬ ਡਵੀਜਨ ਦੀ ਕੌਮਾਂਤਰੀ ਸਰਹੱਦੀ ਚੌਂਕੀ ਨੇੜੇ ਰਾਵੀ ਦਰਿਆ ਦੇ ਸੰਵੇਦਣਸ਼ੀਲ ਧੁੱਸੀ ਬੰਨ੍ਹ ਅਤੇ ਘੋਹਨੇਵਾਲਾ ਵਿਖੇ ਰਾਵੀ ਦਰਿਆ ਤੋਂ ਕਿਸਾਨਾਂ, ਸੁਰੱਖਿਆ ਦਲਾਂ ਸਮੇਤ ਹੋਰਨਾਂ ਨਾਗਰਿਕਾਂ ਦੀ ਸਹੂਲਤ ਲਈ ਆਰ ਪਾਰ ਜਾਣ ਹਿੱਤ ਨਵ ਨਿਰਮਾਣ ਅਧੀਨ ਪੁੱਲ ਦਾ ਵੱਖ ਵੱਖ ਵਿਭਾਗਾਂ ਦੇ ਆਲਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਉੱਚ ਪੱਧਰੀ ਜਾਇਜ਼ਾ ਲਿਆ। ਜਾਇਜ਼ਾ ਲੈਣ ਮੌਕੇ ਮੰਤਰੀ ਸ: ਧਾਲੀਵਾਲ ਨੇ ਕਿਸਾਨਾਂ, ਗ੍ਰਾਮ ਪੰਚਾਇਤਾਂ ਤੇ ਪੇਂਡੂ ਲੋਕਾਂ ਦੀਆਂ ਸੰਭਾਵੀ ਹੜ੍ਹ ਦੀ ਸਥਿਤੀ ਪੈਦਾ ਹੋਣ ਮੌਕੇ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਹੜਾਂ ਦੀ ਸਥਿਤੀ ਪੈਦਾ ਹੋਣ ਤੇ ਇਨ੍ਹਾਂ ਸਰਹੱਦੀ ਤੇ ਦਰਿਆ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਚਣਬੱਧ ਹੈ।ਅਤੇ ਹੜਾਂ ਦੀ ਰੋਕਥਾਮ ਦੇ ਪ੍ਰਬੰਧਾਂ ਲਈ 120 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਿੰਚਾਈ, ਡਰੇਨਜ਼, ਜੰਗਲਾਤ, ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਕਿ ਹੜ੍ਹਾਂ ਤੋਂ ਪਹਿਲਾਂ ਪਹਿਲਾਂ ਡਰੇਨਾਂ ਦੀ ਸਾਫ ਸਫਾਈ ਸਮੇਤ ਦਰਿਆਵਾਂ ਦੇ ਨਾਜ਼ੁਕ ਧੁੱਸੀ ਬੰਨ੍ਹ ਥਾਵਾਂ ਤੇ ਕੰਮ ਨੇਪੜੇ ਚਾੜ੍ਹ ਲਏ ਜਾਣ। ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸ: ਧਾਲੀਵਾਲ ਨੇ ਪ੍ਰਗਟਾਵਾ ਕੀਤਾ ਕਿ ਅਜਨਾਲਾ ਸਬ ਡਵੀਜਨ ‘ਚੋਂ ਲੰਘਦੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਸੈਂਕੜੇ ਕਿਸਾਨਾਂ ਦੀ 3 ਹਜਾਰ ਏਕੜ ਦੇ ਕਰੀਬ ਖੇਤੀ ਅਧੀਨ ਉਪਜਾਊ ਜਮੀਨ ਹੈ। ਬਰਸਾਤਾਂ ਤੇ ਆਮ ਦਿਨਾਂ ‘ਚ ਰਾਵੀ ਦਰਿਆ ਤੋਂ ਪਾਰ ਫਸਲਾਂ ਦੀ ਬਿਜਾਈ ਅਤੇ ਸਾਂਭ ਸੰਭਾਲ ਕਰਨ ਲਈ ਸਬ ਡਵੀਜਨ ਨੇੜੇਲੇ ਪਿੰਡਾਂ ਦੇ ਕਿਸਾਨਾਂ , ਮਜਦੂਰਾਂ ਨੂੰ ਪਿਛਲੇ 50 ਸਾਲ ਤੋਂ ਵੱਧ ਅਰਸੇ ਤੋਂ ਡਾਹਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ 50 ਸਾਲ ਦੌਰਾਨ ਅਜਨਾਲਾ ਹਲਕੇ ਸਮੇਤ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਸਾਬਕਾ ਕਾਂਗਰਸ ਤੇ ਅਕਾਲੀ –ਭਾਜਪਾ ਸਰਕਾਰਾਂ ਨੇ ਸਰਹੱਦੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਅੱਖਾਂ ਬੰਦ ਰੱਖੀਆਂ । ਜਦੋਂਕਿ ਘੋਹਨੇਵਾਲਾ ਤੇ ਕੋਟ ਰਜ਼ਾਦਾ ਵਿਖੇ ਰਾਵੀ ਦਰਿਆ ਦੇ ਪੱਤਨਾਂ ਤੇ ਕਿਸਾਨਾਂ –ਮਜਦੂਰਾਂ ਦੇ ਆਉਣ ਜਾਣ ਦੀ ਸਹੂਲਤ ਲਈ 2 ਪਨਟੂਨ ਪੁੱਲ ਬਣਾਏ ਅਤੇ 11 ਕਰੋੜ ਰੁਪਏ ਦੀ ਲਾਗਤ ਨਾਲ ਘੋਹਨੇਵਾਲਾ ਵਿਖੇ ਦਰਿਆ ਤੋਂ ਆਰ ਪਾਰ ਜਾਣ ਲਈ ਪੱਕਾ ਨਵਾਂ ਪੁੱਲ ਨਿਰਮਾਣ ਅਧੀਨ ਹੈ, ਜੋ ਆਉਂਦੇ ਕੁੱਝ ਦਿਨਾਂ ‘ਚ ਸਰਹੱਦੀ ਤੇ ਦਰਿਆ ਕੰਢੇ ਵੱਸੇ ਕਿਸਾਨਾਂ ਤੇ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਪੁੱਲ ਦੇ ਜਾਇਜ਼ੇ ਮੌਕੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੜਾਂ੍ਹ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਪਹਿਲਾਂ ਪੁੱਲ ਦੇ ਨਿਰਮਾਣ ਲਈ 100 ਫੀਸਦੀ ਕੰਮ ਮੁਕੰਮਲ ਕਰ ਲਿਆ ਜਾਵੇ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ ਸਮੇਤ ਐਸ.ਡੀ.ਐਮ ਅਜਨਾਲਾ ਸ: ਰਵਿੰਦਰ ਸਿੰਘ ਅਰੋੜਾ, ਅਤੇ ਸਿੰਚਾਈ, ਡਰੇਨਜ਼, ਜੰਗਲਾਤ, ਮਾਈਨਿੰਗ ਆਦਿ ਵਿਭਾਗਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।
ਕੈਪਸ਼ਨ 1: ਘੋਹਨੇਵਾਲਾ ਵਿਖੇ ਰਾਵੀ ਦਰਿਆ ਤੋਂ ਆਰ -ਪਾਰ ਜਾਣ ਕਿਸਾਨਾਂ, ਸੁਰੱਖਿਆ ਬਲਾਂ ਸਮੇਤ ਆਮ ਲੋਕਾਂ ਦੀ ਸਹੂਲਤ ਲਈ 11 ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਸਥਾਈ ਪੁੱਲ ਦਾ ਜਾਇਜ਼ਾ ਲੈਣ ਸਮੇਂ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ , ਅਧਿਕਾਰੀਆਂ ਸਣੇ ਹੋਰਾਂ ਨਾਲ।
ਕੈਪਸ਼ਨ 2: ਦਰਿਆ ਰਾਵੀ ਕੰਢੇ ਕਮਾਲਪੁਰ ਸੰਵੇਦਣਸ਼ੀਲ ਧੁੱਸੀ ਬੰਨ੍ਹ ਦਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ।






