




Total views : 148888







ਹੁਣ ਤੱਕ 800 ਦੇ ਕਰੀਬ ਨਸ਼ਾ ਸਮਗਲਰਾਂ ਨੂੰ ਕਾਬੂ ਕੀਤਾ
ਅੰਮ੍ਰਿਤਸਰ 30 ਜੂਨ-( ਡਾ. ਮਨਜੀਤ ਸਿੰਘ)-
ਐਸਐਸਪੀ ਅੰਮ੍ਰਿਤਸਰ ਸ ਮਨਿੰਦਰ ਸਿੰਘ ਨੇ ਜੰਡਿਆਲਾ ਗੁਰੂ ਵਿਖੇ ਨਸ਼ਾ ਤਸਕਰਾਂ ਵਿਰੁੱਧ ਵਿੱਡੀ ਮੁਹਿੰਮ ਦੀ ਅਗਵਾਈ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜਿਲਾ ਪੁਲਿਸ ਨੇ ਹੁਣ ਤੱਕ 130 ਕਿਲੋ ਹੈਰੋਇਨ ਵੱਖ ਵੱਖ ਥਾਵਾਂ ਤੋਂ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਮੁਹਿੰਮ ਨੂੰ ਵੱਡਾ ਸਹਿਯੋਗ ਮਿਲਿਆ ਹੈ ਅਤੇ ਇਸੇ ਜਾਣਕਾਰੀ ਦੇ ਅਧਾਰ ਉੱਤੇ ਪੁਲਿਸ ਨੇ ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਕਰਨ ਤੋਂ ਇਲਾਵਾ ਦੋ ਕਰੋੜ ਰੁਪਏ ਡਰੱਗ ਮਨੀ ਜ਼ਬਤ ਕੀਤੀ ਹੈ ਅਤੇ 800 ਦੇ ਕਰੀਬ ਨਸ਼ਾ ਸਮਗਲਰਾਂ ਨੂੰ ਕਾਬੂ ਕੀਤਾ ਹੈ । ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਨਸ਼ਾ ਸਮਗਲਰਾਂ ਵੱਲੋਂ ਬਣਾਈਆਂ ਗਈਆਂ ਜਾਇਦਾਤਾਂ ਨੂੰ ਢਾਹਿਆ ਗਿਆ ਹੈ ਅਤੇ ਡੇਢ ਕਰੋੜ ਰੁਪਏ ਦੀਆਂ ਜਾਇਦਾਤਾਂ ਜਬਤ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਪੁਲਿਸ ਨਸ਼ਾ ਸਮਗਲਰਾਂ ਦੇ ਨਾਲ ਨਾਲ ਨਸ਼ੇ ਦੇ ਰੋਗੀਆਂ ਦਾ ਇਲਾਜ ਕਰਵਾਉਣ ਲਈ ਵੀ ਕੰਮ ਕਰ ਰਹੀ ਹੈ ਅਤੇ ਦਿਹਾਤੀ ਪੁਲਿਸ ਨੇ ਹੁਣ ਤੱਕ 850 ਵਿਅਕਤੀਆਂ ਨੂੰ ਨਸ਼ਾ ਛਡਾਉ ਕੇਂਦਰਾਂ ਅਤੇ 300 ਵਿਅਕਤੀਆਂ ਨੂੰ ਓਟ ਕੇਂਦਰਾਂ ਵਿੱਚ ਭੇਜਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ ਤੇ ਅੱਜ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮਹੱਲੇ ਵਿੱਚ ਵੀ ਇਸੇ ਮੁਹਿੰਮ ਤਹਿਤ ਸਵੇਰ ਦਾ ਤਲਾਸ਼ੀ ਅਭਿਆਨ ਜਾਰੀ ਹੈ।
ਕੈਪਸਨ –ਜੰਡਿਆਲਾ ਵਿਖੇ ਨਸ਼ਾ ਸਮਗਲਰਾਂ ਖਿਲਾਫ ਚੱਲ ਰਹੀ ਕਾਰਵਾਈ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਅਤੇ ਹੋਰ ਅਧਿਕਾਰੀ।
==–






