ਡਿਪਟੀ ਕਮਿਸ਼ਨਰ ਨੇ ਵਿਲੇਜ਼ ਡਿਫੈਂਸ ਕਮੇਟੀ ਪਿੰਡ ਦਾਉਕੇ ਨੂੰ ਦਿੱਤੀ 50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਾ ਚੈਕ

ਖ਼ਬਰ ਸ਼ੇਅਰ ਕਰੋ
035610
Total views : 131857

ਅੰਮ੍ਰਿਤਸਰ, 15 ਜੁਲਾਈ -( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਪਿੰਡ ਦਾਉਕੇ ਦੀ ਵਿਲੇਜ਼ ਡਿਫੈਂਸ ਕਮੇਟੀ ਨੂੰ ਨਸ਼ਿਆਂ ਦੀ ਰੋਕਥਾਮ ਕਰਨ ਅਤੇ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਤੇ 50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਾ ਚੈਕ ਜਾਰੀ ਕਰਦਿਆਂ ਕਿਹਾ ਕਿ ਇਸ ਕਮੇਟੀ ਵਲੋਂ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪਿੰਡਾਂ ਵਿੱਚ ਜੋ ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸਨ ਉਨਾਂ ਵਿਚੋਂ ਬਿਹਤਰ ਕੰਮ ਕਰਨ ਵਾਲੀਆਂ ਤਿੰਨ ਵਿਲੇਜ਼ ਡਿਫੈਂਸ ਕਮੇਟੀਆਂ ਨੂੰ ਵਧੀਆ ਕਾਰਗੁਜ਼ਾਰੀ ਦੇ ਅਧਾਰ ਉਤੇ ਪਹਿਲੇ ਤਿੰਨ ਇਨਾਮ ਦਿੱਤੇ ਗਏ ਸਨ ਅਤੇ ਇਨਾਂ ਲਈ ਇਨਾਮੀ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਰਾਜਪਾਲ ਪੰਜਾਬ ਨੇ ਜਿਲ੍ਹੇ ਵਿੱਚ ਪਹਿਲੇ ਸਥਾਨ ਉਤੇ ਆਈ ਪਿੰਡ ਘੋਨੇਵਾਲ ਦੀ ਕਮੇਟੀ ਨੂੰ 3 ਤਿੰਨ ਲੱਖ ਰੁਪਏ, ਦੂਸਰੇ ਸਥਾਨ ਉਤੇ ਆਈ ਪਿੰਡ ਰਣੀਆਂ ਦੀ ਕਮੇਟੀ ਨੂੰ 2 ਲੱਖ ਅਤੇ ਤੀਸਰੇ ਸਥਾਨ ਉਤੇ ਆਈ ਦੌਣੇਕੇ ਖੁਰਦ ਹਰਦੋ ਰਤਨ ਦੀ ਕਮੇਟੀ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਸੀ।
ਉਨਾਂ ਦੱਸਿਆ ਕਿ ਕਮੇਟੀਆਂ ਇਸ ਪੈਸੇ ਨੂੰ ਆਪਣੀ ਲੋੜ ਅਨੁਸਾਰ ਖਰਚ ਕਰ ਸਕਣਗੀਆਂ। ਉਨਾਂ ਕਿਹਾ ਕਿ ਇੰਨਾ ਇਨਾਮਾਂ ਨਾਲ ਸਰਹੱਦੀ ਪੱਟੀ ਵਿਚ ਕੰਮ ਕਰ ਰਹੀਆਂ ਇੰਨਾ ਕਮੇਟੀਆਂ ਨੂੰ ਉਤਸ਼ਾਹ ਮਿਲੇਗਾ ਅਤੇ ਉਹ ਹੋਰ ਵਧੀਆ ਕੰਮ ਕਰਨ ਲਈ ਅੱਗੇ ਆਉਣਗੇ। ਉਨਾਂ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਵਿਲੈਜ ਡਿਫੈਂਸ ਕਮੇਟੀਆਂ ਕੰਮ ਕਰ ਰਹੀਆਂ ਹਨ, ਉਹ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਦੀ ਤਸਕਰੀ ਉਤੇ ਨਿਗ੍ਹਾ ਰੱਖਣ ਤੇ ਡਰੋਨ ਆਦਿ ਦੀ ਆਮਦ ਉਤੇ ਇਸ ਦੀ ਸੂਹ ਤਰੁੰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਨਸ਼ੇ ਦੀ ਤਸਕਰੀ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਮੈਂਬਰ ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਹੀਰਾ ਸਿੰਘ, ਹਰਪ੍ਰੀਤ ਸਿੰਘ, ਸਰਤਾਜ਼ ਸਿੰਘ, ਰਣਜੀਤ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਿਲੇਜ਼ ਡਿਫੈਂਸ ਕਮੇਟੀ ਪਿੰਡ ਦਾਉਕੇ ਨੂੰ 50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਾ ਚੈਕ ਦਿੰਦੇ ਹੋਏ
====–