ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਸ਼ਾ ਛਡਾਊ ਮੁਹਿੰਮ ਵਿੱਚ ਸਾਡਾ ਸਾਥ ਦੇਣ – ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035608
Total views : 131855

ਨਸ਼ਾ ਸਮਗਲਰਾਂ ਦੀਆਂ ਜਾਇਦਾਤਾਂ ਵੀ ਜਬਤ ਕੀਤੀਆਂ ਜਾਣਗੀਆਂ -ਜ਼ਿਲਾ ਪੁਲਿਸ ਮੁਖੀ ਸਤਿੰਦਰ ਸਿੰਘ
ਅੰਮ੍ਰਿਤਸਰ,16 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਖਾਸ ਕਰਕੇ ਸਰਹੱਦੀ ਪਿੰਡਾਂ ਵਿੱਚ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਦੀ ਤਸਕਰੀ ਨੂੰ ਰੋਕਣ ਅਤੇ ਇਸ ਨਸ਼ੇ ਦੀ ਗ੍ਰਿਫਤ ਵਿੱਚ ਆਏ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਡਾ ਸਾਥ ਦੇਣ ਤਾਂ ਨਸ਼ਾ ਖਤਮ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਰਾਜਾਸਾਂਸੀ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨਸ਼ਾ ਖਤਮ ਕਰ ਲਈ ਪੁਲਿਸ ਅਤੇ ਬੀਐਸਐਫ ਨਾਲ ਮਿਲ ਕੇ ਕੰਮ ਕਰ ਰਹੀ ਹੈ। ਲਗਾਤਾਰ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਜੋ ਕਿ ਜਿਆਦਾਤਰ ਡਰੋਨਾਂ ਰਾਹੀਂ ਹੋ ਰਹੀ ਹੈ, ਪੁਲਿਸ ਦੀ ਗ੍ਰਿਫਤ ਵਿੱਚ ਆ ਰਹੇ ਹਨ। ਇਸ ਤੋਂ ਇਲਾਵਾ ਨਸ਼ਾ ਸਮਗਲਰ ਵੀ ਪੁਲਿਸ ਨੇ ਦਬੋਚੇ ਹਨ ਪਰ ਇਸ ਦਾ ਮੁਕੰਮਲ ਖਾਤਮਾ ਤਾਂ ਹੀ ਹੋ ਸਕਦਾ ਹੈ ਜੇਕਰ ਪਿੰਡਾਂ ਦੇ ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜਿਲਾ ਪ੍ਰਸ਼ਾਸਨ ਦਾ ਸਾਥ ਦੇਣ। ਉਹਨਾਂ ਕਿਹਾ ਕਿ ਨਸ਼ੇ ਦੀ ਸਪਲਾਈ ਨੂੰ ਤੋੜਨ ਅਤੇ ਨਸ਼ੇ ਦੀ ਮੰਗ ਨੂੰ ਘੱਟ ਕਰਨ ਲਈ ਸਥਾਨਕ ਵਾਸੀ ਵੱਡਾ ਯੋਗਦਾਨ ਪਾ ਸਕਦੇ ਹਨ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਨਸ਼ੇ ਤੋਂ ਪੀੜਤ ਰੋਗੀਆਂ ਦਾ ਮੁਫਤ ਇਲਾਜ ਹੁੰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਬਹੁਤ ਘੱਟ ਲੋਕ ਇਹਨਾਂ ਨਸ਼ਾ ਛਡਾਊ ਕੇਂਦਰਾਂ ਦਾ ਸਹਾਰਾ ਲੈ ਰਹੇ ਹਨ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਜਿੱਥੇ ਪਿੰਡਾਂ ਵਿੱਚ ਨਸ਼ੇ ਵੇਚਦੇ ਲੋਕਾਂ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਈਏ ਉੱਥੇ ਨਸ਼ਾ ਕਰ ਰਹੇ ਆਪਣੇ ਪਿੰਡਾਂ ਦੇ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਇਹਨਾਂ ਨਸ਼ਾ ਛਡਾਊ ਕੇਂਦਰਾਂ ਅਤੇ ਰੀਹੈਬਿਲੀਟੇਸ਼ਨ ਸੈਂਟਰਾਂ ਦਾ ਸਾਥ ਲਈਏ।

ਇਸ ਮੌਕੇ ਸੰਬੋਧਨ ਕਰਦੇ ਜਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪੁਲਿਸ ਹੁਣ ਕੇਵਲ ਨਸ਼ਾ ਦੀ ਤਸਕਰੀ ਹੀ ਬੰਦ ਨਹੀਂ ਕਰ ਰਹੀ ਬਲਕਿ ਨਸ਼ਾ ਵੇਚ ਕੇ ਬਣਾਈਆਂ ਗਈਆਂ ਜਾਇਦਾਤਾਂ ਵੀ ਜਬਤ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਪੁਲਿਸ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਥਾਨਕ ਲੋਕ ਸਾਥ ਦੇਣ। ਉਹਨਾਂ ਕਿਹਾ ਕਿ ਤੁਸੀਂ ਸਾਡਾ ਸਾਥ ਦੇਣ ਲਈ ਅੱਗੇ ਆਓ ਤਾਂ ਮੈਂ ਵਾਐਦਾ ਕਰਦਾ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਂਗੇ । ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਖੁੱਲ ਕੇ ਇਸ ਕੰਮ ਵਿੱਚ ਪੁਲਿਸ ਦਾ ਸਾਥ ਦਿਨ ਲਈ ਅਪੀਲ ਕੀਤੀ । ਉਹਨਾਂ ਕਿਹਾ ਕਿ ਸਾਡਾ ਪੰਜਾਬ ਮੁੜ ਲੀਹਾਂ ਤੇ ਤਾਂ ਹੀ ਆਵੇਗਾ ਜੇਕਰ ਅਸੀਂ ਆਪਣੇ ਭਵਿੱਖ, ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਲਵਾਂਗੇ। ਇਸ ਮੌਕੇ ਐਸਡੀਐਮ ਸ੍ਰੀ ਲਾਲ ਵਿਸ਼ਵਾਸ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਰਾਜਾਸਾਂਸੀ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਜਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ