Total views : 131855
ਪਰਾਲੀ ਦੀ ਅੱਗ ਲਈ ਇਲਾਕੇ ਦਾ ਥਾਣਾ ਮੁੱਖੀ ਤੇ ਹੋਵੇਗੀ ਕਾਰਵਾਈ – ਐਸ.ਐਸ.ਪੀ.
ਅੰਮ੍ਰਿਤਸਰ 12 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅਗਾਮੀ ਸੀਜ਼ਨ ਦੌਰਾਨ ਬਿਨਾਂ ਅੱਗ ਲਗਾਏ ਪਰਾਲੀ ਨੂੰ ਸੰਭਾਲਣ ਲਈ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਅਤੇ ਤਾਰਾਗੜ੍ਹ ਦੇ ਪਿੰਡਾਂ ‘ਚ ਜਾ ਕੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਦਿਹਾਤੀ ਸ: ਚਰਨਜੀਤ ਸਿੰਘ, ਡਿਪਟੀ ਡਾਇਰੈਕਟ ਖੇਤੀਬਾੜੀ ਸ: ਯੁਧਬੀਰ ਸਿੰਘ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ. ਵਿਨੋਦ ਕੁਮਾਰ ਵੀ ਹਾਜ਼ਰ ਸਨ।
ਸ੍ਰੀ ਥੋਰੀ ਨੇ ਜ਼ਿਲ੍ਹੇ ‘ਚ ਪਿਛਲੇ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਵਾਲੇ ਪਿੰਡਾਂ ਦੇ ਕਿਸਾਨਾਂ ਨਾਲ ਖੁੱਲ੍ਹੀ ਵਿਚਾਰ ਚਰਚਾ ਕੀਤੀ ਅਤੇ ਪਹਿਲਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਤੇ ਫੇਰ ਉਨ੍ਹਾਂ ਦੇ ਹੱਲ ਲਈ ਮੌਕੇ ‘ਤੇ ਹੀ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਕਰਨ ਲਈ ਕਿਸਾਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਇੰਨ ਸੀਟੂ ਤੇ ਐਕਸ ਸੀਟੂ ਦੋਵਾਂ ਤਕਨੀਕਾਂ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਪੂਰਨ ਸਹਿਯੋਗ ਕਰੇਗਾ। ਉਨ੍ਹਾਂ ਪਿੰਡ ਬੰਡਾਲਾ ਤੇ ਤਾਰਾਗੜ੍ਹ ਦੇ ਕਿਸਾਨਾਂ ਨੂੰ ਕਿਹਾ ਕਿ ਐਕਸ ਸੀਟੂ ਰਾਹੀਂ ਪਰਾਲੀ ਪ੍ਰਬੰਧਨ ਕਰਨ ਲਈ ਬੇਲਰ ਤੇ ਇੰਨ ਸੀਟੂ ਲਈ ਲੋੜੀਂਦੀ ਮਸ਼ੀਨਰੀ ਸਮੇਂ ਸਿਰ ਉਪਲਬੱਧ ਕਰਵਾਈ ਜਾਵੇਗੀ। ਇਸ ਮੌਕੇ ਕਿਸਾਨਾਂ ਨੇ ਵੀ ਇਸ ਵਾਰ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਲਿਆ।
ਡਿਪਟੀ ਕਮਿਸ਼ਨਰ ਨੇ ਦੋਵੇਂ ਪਿੰਡਾਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਇਸ ਵਾਰ ਡੈਮੋ ਦੇ ਤੌਰ ‘ਤੇ 25 ਤੋਂ 30 ਏਕੜ ਰਕਬੇ ‘ਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਖਤਮ ਕਰਨਾ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਇਸ ਨਾਲ ਅਸੀਂ ਖੇਤਾਂ ਨੂੰ ਤਾਂ ਰਹਿੰਦ ਖੂੰਹਦ ਤੋਂ ਖਾਲੀ ਕਰ ਦਿੰਦੇ ਹਾਂ, ਪਰ ਵਾਤਾਵਰਣ ਨੂੰ ਦੂਸ਼ਿਤ ਕਰਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਲੈਂਦੇ ਹਾਂ।
ਇਸ ਮੌਕੇ ਐਸ.ਐਸ.ਪੀ. ਦਿਹਾਤੀ ਸ: ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਆਦੇਸ਼ਾਂ ਵਿੱਚ ਅੱਗ ਲੱਗਣ ਵਾਲੇ ਇਲਾਕੇ ਦੇ ਥਾਣਾ ਮੁੱਖੀ ਨੂੰ ਇਸ ਲਈ ਜਿੰਮੇਵਾਰ ਕਰਾਰ ਦਿੱਤਾ ਹੈ ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਤੇ ਸਬੰਧਤ ਥਾਣਾ ਮੁੱਖੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਐਫ.ਆਈ.ਆਰ ਵੀ ਦਰਜ ਕੀਤੀ ਜਾਵੇਗੀ।
ਇਸ ਮੌਕੇ ਬਲਾਕ ਅਫਸਰ ਡਾ ਭੁਪਿੰਦਰ ਸਿੰਘ ਅਤੇ ਸਰਕਲ ਇੰਚਾਰਜ ਡਾ. ਬਲਜਿੰਦਰ ਸਿੰਘ, ਪਿੰਡ ਦੇ ਅਗਾਂਹ ਵਧੂ ਕਿਸਾਨ ਜੁਝਾਰ ਸਿੰਘ ਸਰਪੰਚ ਬੰਡਾਲਾ , ਜਰਮਨਜੀਤ ਸਿੰਘ ਕਿਸਾਨ ਆਗੂ ਬਲਜਿੰਦਰ ਸਿੰਘ ਜਗੀਰਦਾਰ ,ਨਿਰਵੈਰ ਸਿੰਘ ਸਰਪੰਚ ਸੁੱਖੇਵਾਲ ਅੰਗਰੇਜ਼ ਸਰਪੰਚ ਗੁਨੋਵਾਲਹਵੇਲੀਆਂ ਹਰਜਿੰਦਰ ਸਿੰਘ ਨੰਬਰਦਾਰ ਹਰਦੀਪ ਸਿੰਘ ਨਵੀਂ ਅਬਾਦੀ, ਤਰਸੇਮ ਸਿੰਘ ਡਾਕਟਰ ਚਮਕੌਰ ਸਿੰਘ ਰਾਜਵੀਰ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਐਸ.ਐਸ.ਪੀ. ਦਿਹਾਤੀ ਸ: ਚਰਨਜੀਤ ਸਿੰਘ ਪਿੰਡ ਬੰਡਾਲਾ ਅਤੇ ਤਾਰਾਗੜ੍ਹ ਵਿਖੇ ਕਿਸਾਨਾਂ ਨਾਲ ਪਰਾਲੀ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਹੋਏ।
===—