Total views : 131857
ਕੈਬਨਿਟ ਮੰਤਰੀ ਈ.ਟੀ.ਓ. ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਦਿੱਤੀ ਵਧਾਈ
ਅੰਮ੍ਰਿਤਸਰ, 17 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਦਿਹਾੜੇ ’ਤੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚਲ ਕੇ ਹੀ ਵਿਅਕਤੀ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦਾ ਹੈ। ਉਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਦਰਸ਼ਾਏ ਗਏ ਰਸਤੇ ਤੇ ਚਲਣਾ ਸਭ ਤੋਂ ਵੱਡੀ ਅੱਜ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰ ਸਕਦੇ ਹਾਂ।
ਉਹ ਅੱਜ ਜੰਡਿਆਲਾ ਦੇ ਨਥੂਆਣਾ ਗੇਟ ਵਿਖੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਕਰਵਾਏ ਗਏ ਪ੍ਰਕਾਸ਼ ਦਿਹਾੜੇ ’ਤੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਸਨ। ਉਨਾਂ ਨੇ ਇਸ ਮੌਕੇ ਤੇ ਭਗਵਾਨ ਵਾਲਮੀਕਿ ਮੰਦਰ ਵਿਖੇ ਝੰਡੇ ਦੀ ਰਸਮ ਵੀ ਅਦਾ ਕੀਤੀ ਅਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ।
ਜ਼ਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਸ: ਈ.ਟੀ.ਓ . ਪ੍ਰਗਟ ਉਤਸਵ ਮੌਕੇ ਭੂਸ਼ਣਪੁਰਾ, ਗਿੱਲਵਾਲੀ ਗੇਟ, ਸ਼ਾਸਤਰੀ ਮਾਰਕੀਟ ਅਤੇ ਪਿੰਡ ਮਾਹਲਾ ਵਿੱਖ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਕਰਵਾਏ ਗਏ ਸਮਾਗਮਾਂ ਵਿੱਚ ਹਾਜ਼ਰੀ ਭਰੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਜੰਡਿਆਲਾ ਗੁਰੂ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੀ ਸ਼ਾਮਲ ਹੋਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਦੇ ਪਹਿਲੇ ਕਵੀ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਮਹਾਨ ਮਹਾਂਕਾਵਿ ਰਾਮਾਇਣ ਰਹਿੰਦੀ ਦੁਨੀਆ ਤੱਕ ਲੁਕਾਈ ਨੂੰ ਸੱਚ ਦਾ ਰਾਹ ਦਿਖਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਨੇ ਆਪਣੀਆਂ ਰਚਨਾਵਾਂ ਰਾਹੀਂ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵਤਾ ਦੀ ਭਲਾਈ ਦਾ ਰਸਤਾ ਦਿਖਾਉਂਦੇ ਹੋਏ ਨਿਰੋਏ ਸਮਾਜ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਦੀਆਂ ਪਹਿਲਾਂ ਲਿਖੀਆਂ ਰਚਨਾਵਾਂ ਅੱਜ ਦੇ ਸਮਾਜ ਨੂੰ ਵੀ ਉਸੇ ਤਰ੍ਹਾਂ ਸੇਧ ਦੇ ਰਹੀਆਂ ਹਨ। ਭਗਵਾਨ ਵਾਲਮੀਕਿ ਜੀ ਨੇ ਦੀਨ ਦੁਖੀਆਂ ਨੂੰ ਕਸ਼ਟ ਵਿੱਚੋਂ ਕੱਢਣ ਅਤੇ ਲੋਕਾਂ ਨੂੰ ਚੰਗੇ ਰਸਤੇ ’ਤੇ ਪਾਇਆ।
ਸ: ਹਰਭਜਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਗਵਾਨ ਵਾਲਮੀਕਿ ਜੀ ਦਾ ਤਪ ਸਥਾਨ ਪੰਜਾਬ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਲਮੀਕਿ ਸਮਾਜ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਅਸੀਂ ਪ੍ਰਣ ਕਰੀਏ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਪਿਆਰ, ਤਿਆਗ ਤੇ ਦੀਨ ਦੁਖੀਆਂ ਦੀ ਸੇਵਾ ਦੇ ਰਸਤੇ ਨੂੰ ਅਪਣਾਕੇ ਇਕ ਬਿਹਤਰ ਸਮਾਜ ਦੀ ਸਿਰਜਣਾ ਕਰੀਏ। ਇਸ ਮੌਕੇ ਵੀਰ ਮੁਕੇਸ਼ (ਲਾਡੀ) ਦੇ ਕੀਰਤਨ ਜਥੇ ਨੇ ਸੰਗਤਾਂ ਨੂੰ ਆਪਣੇ ਕੀਰਤਨ ਨਾਲ ਨਿਹਾਲ ਕੀਤਾ।
ਇਸ ਮੌਕੇ ਸ੍ਰੀਮਤੀ ਸੁਰਿੰਦਰ ਕੌਰ ਸ: ਸੁਖਵਿੰਦਰ ਸਿੰਘ , ਸ: ਸਤਿੰਦਰ, ਸ: ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ, ਸ੍ਰੀ ਨੀਰਜ ਕੁਮਾਰ ਐਸ.ਐਚ. ਓ, ਸ੍ਰੀਮਤੀ ਸੁਨੈਨਾ ਰੰਧਾਵਾ ਬਲਾਕ ਪ੍ਰਧਾਨ, ਰਣਜੀਤ ਸਿੰਘ ਕੁੱਕੀ, ਮਨੋਹਰ ਸਿੰਘ, ਹਰਜੀਤ ਸਿੰਘ ਕਾਕੂ, ਰਮੇਸ਼ ਕੁਮਾਰ, ਦੇਵੀਦਾਸ ਪੁਰ ਦੇ ਸਰਪੰਚ ਨਿਸਾਨ ਸਿੰਘ, ਗੁਰਦਿਆਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
ਕੈਪਸ਼ਨ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨਥੂਆਣਾ ਗੇਟ ਵਿਖੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਦਿਹਾੜੇ ਪਿੰਡ ਨੂੰ ਵਧਾਈ ਦਿੰਦੇ ਹੋਏ।
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਭਗਵਾਨ ਵਾਲਮੀਕਿ ਮੰਦਿਰ ਭੂਸ਼ਣਪੁਰਾ ਵਿਖੇ ਨਤਮਸਤਕ ਹੁੰਦੇ ਹੋਏ। ਨਾਲ ਨਜ਼ਰ ਆ ਰਹੇ ਹਨ। ਐਸ.ਐਚ.ਓ ਨੀਰਜ ਕੁਮਾਰ
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਜੰਡਿਆਲਾ ਗੁਰੂ ਵਿਖੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਭਾਗ ਲੈਂਦੇ ਹੋਏ
===–