




Total views : 161406






Total views : 161406ਮਹਿਤਾ ਚੌਂਕ ਜਾਮ ਕਰਨ ਤੇ ਸ਼ੁਰੂ ਹੋਈ ਸਰਕਾਰੀ ਖਰੀਦ
ਅੰਮ੍ਰਿਤਸਰ, 17 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ, ਜਿਸ ਦੌਰਾਨ ਮਹਿਤਾ ਚੌਂਕ ਵਿੱਚਲੀ ਦਾਣਾ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਖਰੀਦ ਏਜੰਸੀਆਂ ਵੱਲੋਂ ਖਰੀਦ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ। ਪਿਛਲੇ ਹਫਤੇ ਲੋਕਲ ਪ੍ਰਸ਼ਾਸਨ ਨਾਲ ਵਾਰ ਵਾਰ ਇਹ ਮੁੱਦਾ ਉਠਾਉਣ ਤੇ ਜਦੋਂ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅਤੇ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਜੋਨ ਮਹਿਤਾ ਦੇ ਪ੍ਰਧਾਨ ਸਵਰਨ ਸਿੰਘ ਉਧੋ ਨੰਗਲ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। 2 ਘੰਟੇ ਤੋਂ ਵੱਧ ਧਰਨਾ ਚੱਲਣ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਗੱਲ ਨਾ ਸੁਣੇ ਜਾਣ ਤੇ ਗੁੱਸੇ ਵਿੱਚ ਆਏ ਕਿਸਾਨਾਂ ਮਜਦੂਰਾਂ ਵੱਲੋਂ ਮਹਿਤਾ ਚੌਂਕ ਜਾਮ ਕਰ ਦਿੱਤਾ ਗਿਆ। ਇਸ ਮੌਕੇ ਸੂਬਾ ਆਗੂ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਕੱਲ੍ਹ ਜਥੇਬੰਦੀ ਦੀ ਟੀਮ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ 17% ਨਮੀ ਦੇ ਸਰਕਾਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੀ ਫ਼ਸਲ ਨੂੰ ਵੀ ਐੱਮ ਐੱਸ ਪੀ ਤੇ ਖਰੀਦਣ ਤੋਂ ਮਨ੍ਹਾ ਕੀਤਾ ਜਾ ਰਿਹਾ। 1 ਘੰਟਾ ਦੇ ਜਾਮ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਜਥੇਬੰਦੀ ਵੱਲੋਂ 4 ਮੈਂਬਰੀ ਵਫ਼ਦ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਆਗੂਆਂ ਦੱਸਿਆ ਕਿ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਅਫ਼ਸਰ ਅਤੇ ਖਰੀਦ ਏਜੰਸੀਆਂ ਦੇ ਅਧਿਆਰੀਆਂ ਨਾਲ ਲੰਬੀ ਚਰਚਾ ਵਿੱਚ ਸਹਿਮਤੀ ਬਣੀ ਕਿ 17% ਤੱਕ ਨਮੀ ਵਾਲੀ ਝੋਨੇ ਦੀ ਫ਼ਸਲ ਦੀ ਤੁਰੰਤ ਪ੍ਰਭਾਵ ਨਾਲ ਅੱਜ ਸ਼ਾਮ ਤੋਂ ਹੀ ਸਰਕਾਰੀ ਖਰੀਦ ਤਹਿਤ ਭਰਿਆ ਜਾਵੇਗਾ, ਵੱਖ ਵੱਖ ਮੰਡੀਆਂ ਵਿੱਚ ਖਰੀਦ ਇੰਸਪੈਕਟਰ 10 ਤੋਂ 6 ਵਜੇ ਤੱਕ ਹਾਜ਼ਰ ਰਹਿਣਗੇ, ਪੀ. ਆਰ. 126 ਦੀ ਸਰਕਾਰੀ ਖਰੀਦ ਵਿੱਚ ਆ ਰਹੀ ਮੁਸ਼ਕਿਲ ਹੱਲ ਕੀਤੀ ਜਾਵੇਗੀ। ਅਧਿਕਾਰੀਆਂ ਵੱਲੋਂ ਲਿਫਟਿੰਗ ਦੀ ਮੁਸ਼ਕਿਲ ਕੱਲ੍ਹ ਤੱਕ ਹੱਲ ਕਰਵਾਓਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਕਿਸਾਨਾਂ ਦੇ ਧਰਨੇ ਨੂੰ ਸਪੋਰਟ ਕਰਦੇ ਹੋਏ ਹਾਜ਼ਰ ਰਹੇ। ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਧਰਨੇ ਵਿੱਚ ਜਾ ਕੇ ਧਰਨਾਕਾਰੀ ਕਿਸਾਨਾਂ ਮਜਦੂਰਾਂ ਸਾਹਮਣੇ ਆ ਕੇ ਬਣੀ ਸਹਿਮਤੀ ਤੇ ਸਟੇਜ ਤੋਂ ਬੋਲ ਕੇ ਦੱਸਿਆ ਗਿਆ। ਆਗੂਆਂ ਨੇ ਸਾਫ ਕੀਤਾ ਕਿ ਅਗਰ ਲਿਫਟਿੰਗ ਅਤੇ 126 ਕਿਸਮ ਨਹੀਂ ਚੱਕੀ ਜਾਂਦੀ ਤਾਂ ਜਥੇਬੰਦੀ 1-2 ਦਿਨਾਂ ਵਿੱਚ ਤਿੱਖਾ ਐਕਸ਼ਨ ਕਰਨ ਲਈ ਤਿਆਰ ਬਰ ਤਿਆਰ ਹੈ। ਉਹਨਾਂ ਕਿਹਾ ਕਿ ਅੱਜ ਸ਼ੰਭੂ ਸਮੇਤ ਹੋਰ ਥਾਵਾਂ ਤੇ ਚਲ ਰਹੇ ਕਿਸਾਨ ਮਜਦੂਰ ਮੰਗਾਂ ਵਿੱਚ ਐਮ ਐਸ ਪੀ ਤੇ ਖਰੀਦ ਦੀ ਗਰੰਟੀ ਕਨੂੰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਅਹਿਮੀਅਤ ਆਮ ਕਿਸਾਨ ਨੂੰ ਵੀ ਅੱਜ ਚੰਗੀ ਤਰ੍ਹਾਂ ਸਮਝ ਆ ਰਹੀ ਹੈ। ਇਸ ਤੋਂ ਬਾਅਦ ਧਰਨਾ ਖਤਮ ਕਰਕੇ ਮੰਡੀ ਵਿੱਚ ਜਥੇਬੰਦੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਖਰੀਦ ਇੰਸਪੈਕਟਰਾਂ ਦੁਆਰਾ ਖਰੀਦ ਸ਼ੁਰੂ ਕਰਵਾਈ ਗਈ।
ਇਸ ਮੌਕੇ ਸ਼ਿਵਚਰਨ ਸਿੰਘ ਮਹਿਸਮਪੁਰ, ਰਣਧੀਰ ਸਿੰਘ ਬੁੱਟਰ, ਮੁਖਤਾਰ ਸਿੰਘ ਅਰਜਨ ਮਾਂਗਾ, ਹਰਮੀਤ ਸਿੰਘ ਖੱਬੇ ਰਾਜਪੂਤਾਂ, ਹਰਮਨ ਸਿੰਘ ਖੱਬੇ, ਤਰਸੇਮ ਸਿੰਘ ਉਧੋ ਨੰਗਲ, ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਬੁੱਟਰ ਸਿਵੀਆਂ, ਸਾਹਬ ਸਿੰਘ ਉਧੋ ਨੰਗਲ, ਰਾਜਬੀਰ ਸਿੰਘ ਉਧੋ ਨੰਗਲ ਅਤੇ ਗੁਰਮੁਖ ਸਿੰਘ ਸਮੇਤ ਆੜ੍ਹਤੀਏ ਅਤੇ ਕਿਸਾਨ ਮਜਦੂਰ ਹਾਜ਼ਰ ਸਨ।







