ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਲਈ ਵੋਟਾਂ ਬਣਵਾਉਣ ਦੀ ਤਾਰੀਖ ‘ਚ ਵਾਧਾ

ਖ਼ਬਰ ਸ਼ੇਅਰ ਕਰੋ
035609
Total views : 131856

15 ਦਸੰਬਰ ਤੱਕ ਕਰਵਾਈ ਜਾ ਸਕੇਗੀ ਵੋਟਾਂ ਲਈ ਰਜਿਸਟਰੇਸ਼ਨ-
 ਯੋਗ ਕੇਸਾਧਾਰੀ ਵਿਅਕਤੀ ਆਪਣੀ ਵੋਟ ਜਰੂਰ ਬਣਵਾਉਣ – ਜ਼ਿਲ੍ਹਾ ਚੋਣ ਅਫ਼ਸਰ
ਅੰਮ੍ਰਿਤਸਰ, 13 ਨਵੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ, ਚੰਡੀਗੜ੍ਹ ਦੀ ਹਦਾਇਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਦੇ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਦਾ ਕੰਮ ਜਾਰੀ ਹੈ। ਕਮਿਸ਼ਨ ਵੱਲੋਂ ਵੋਟਾਂ ਬਣਵਾਉਣ ਦੀਆਂ ਤਾਰੀਖਾਂ ਵਿੱਚ ਵਾਧਾ ਕਰਦਿਆਂ ਹੁਣ ਵੋਟ ਬਣਾਉਣ ਦੀ ਰਜਿਸਟਰੇਸ਼ਨ 15 ਦਸੰਬਰ 2024 ਤੱਕ ਕਰ ਦਿੱਤੀ ਗਈ ਹੈ। ਫਾਈਨਲ ਵੋਟਰ ਸੂਚੀ ਦੀ ਤਿਆਰੀ ਦੇ ਸਬੰਧ ਵਿੱਚ ਕੇਸਾਧਾਰੀ ਵਿਅਕਤੀ ਇਸ ਮਿਤੀ ਤੱਕ ਫਾਰਮ ਨੰਬਰ-1 ਭਰ ਸਕਦੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਾਕਸੀ ਸਾਹਨੀ ਨੇ ਸਾਂਝੀ ਕੀਤੀ। ਉਹਨਾਂ ਅਪੀਲ ਕੀਤੀ ਕਿ ਵੱਧ ਤੋ ਵੱਧ ਲੋਕ ਫਾਰਮ ਨੰ.1 ਕੇਸਾਧਾਰੀ ਭਰ ਕੇ ਸਬੰਧਤ ਪਟਵਾਰੀ, ਬੀ.ਐਲ.ਓਜ, ਐੱਸ ਡੀ ਐੱਮ ਦਫ਼ਤਰ ਜਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਵਧੇਰੇ ਜਾਣਕਾਰੀ ਲਈ ਸਬੰਧਤ ਤਹਿਸੀਲਦਾਰ ਅਤੇ ਐਸ ਡੀ ਐਮ ਦਫ਼ਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਹਨਾਂ ਫਾਰਮਾਂ ਦੇ ਨਾਲ ਇੱਕ ਪਾਸਪੋਰਟ ਸਾਈਜ ਫੋਟੋ ਦੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੈਂਸ, ਪਾਸਪੋਰਟ, ਨਰੇਗਾ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਆਦਿ ਪਰੂਫ ਦੀ ਕਾਪੀ ਲਗਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਘੱਟ ਤੋ ਘੱਟ 21 ਸਾਲ ਹੋਣੀ ਚਾਹੀਦੀ ਹੈ ਅਤੇ ਉਸਦੀ ਆਸਥਾ ਸਿੱਖ ਧਰਮ ਵਿੱਚ ਹੋਣੀ ਚਾਹੀਦੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਵੋਟ ਬਣਾ ਸਕਦਾ ਹੈ।
ਕੈਪਸ਼ਨ : ਫਾਇਲ ਫੋਟੋ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ
===—-