Total views : 131856
ਅੰਮ੍ਰਿਤਸਰ, 18 ਨਵੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਤੇ ਜਾਰੀ ਅੰਦੋਲਨ ਦੌਰਾਨ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਸ਼ੰਭੂ ਬਾਰਡਰ ਮੋਰਚੇ ਤੋਂ 6 ਦਸੰਬਰ ਨੂੰ ਕਿਸਾਨ ਮਜਦੂਰ ਵੱਡੇ ਜਥਿਆਂ ਦੇ ਰੂਪ ਵਿੱਚ ਦਿੱਲੀ ਵੱਲ ਕੂਚ ਕਰਨਗੇ। ਇਸ ਮੌਕੇ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਅੰਦੋਲਨ 280 ਦਿਨ ਪੂਰੇ ਕਰਨ ਜਾ ਰਿਹਾ ਹੈ ਪਰ ਪਿਛਲੇ 8 ਮਹੀਨੇ ਦੇ ਕਰੀਬ ਤੋਂ ਸਰਕਾਰ ਦੀ ਤਰਫੋਂ ਡੈੱਡਲਾਕ ਵੱਲੋਂ ਸਥਿਤੀ ਬਣੀ ਹੋਈ ਹੈ ਅਤੇ ਕਿਸਾਨ ਮਜਦੂਰ ਲਗਾਤਾਰ ਤਿੱਖੀ ਗਰਮੀ ਜਾਂ ਸਰਦੀ ਦੀ ਪ੍ਰਵਾਹ ਨਾ ਕਰਦੇ ਹੋਏ ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਿਸਥਾਨ) ਵਿਖੇ ਮੋਰਚਿਆਂ ਤੇ ਡਟੇ ਹੋਏ ਹਨ। ਉਹਨਾਂ ਕਿਹਾ ਕਿ ਜਦੋਂ ਸਰਕਾਰ ਮੰਗਾਂ ਨੂੰ ਲੈ ਕੇ ਬਿਲਕੁਲ ਸੁਹਿਰਦ ਨਹੀਂ ਦਿਖਾਈ ਦੇ ਰਹੀ ਅਜਿਹੀ ਸਥਿਤੀ ਵਿੱਚ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਮਜਦੂਰਾਂ ਵੱਲੋਂ ਲਗਾਤਾਰ ਜਾਨਾਂ ਕੁਰਬਾਨ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਸੁਣਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜਿਵੇਂ 26 ਨਵੰਬਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠ ਰਹੇ ਹਨ ਜਿਸ ਤੋਂ 10 ਦਿਨ ਬਾਅਦ ਇਹ ਐਕਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨ ਮਜਦੂਰ ਜਥਿਆਂ ਦੇ ਰੂਪ ਵਿੱਚ ਬੇਰਿਕੇਡਾਂ ਵੱਲ ਵਧਣਗੇ ਜਿਸ ਦੌਰਾਨ ਪਹਿਲੇ ਜਥੇ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ ਅਤੇ ਬੀ ਕੇ ਯੂ ਕ੍ਰਾਂਤੀਕਾਰੀ ਤੋਂ ਸੁਰਜੀਤ ਸਿੰਘ ਫੂਲ ਕਰਨਗੇ। ਉਹਨਾਂ ਦੱਸਿਆ ਕਿ ਅਗਰ ਮਰਨ ਵਰਤ ਤੇ ਹੋਏ ਜਗਜੀਤ ਸਿੰਘ ਡੱਲੇਵਾਲ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ ਤਾਂ ਉਹਨਾਂ ਦੀ ਜਗ੍ਹਾ ਸੁਖਜੀਤ ਸਿੰਘ ਹਰਦੋਝੰਡੇ ਉਹਨਾਂ ਦੀ ਜਗ੍ਹਾ ਮਰਨ ਵਰਤ ਤੇ ਬੈਠਣਗੇ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੇ ਦਰਵਾਜੇ ਗੱਲ ਬਾਤ ਹਮੇਸ਼ਾਂ ਖੁੱਲ੍ਹੇ ਹਨ, ਸਰਕਾਰ ਚਾਹੇ ਤਾਂ 26 ਤਰੀਕ ਤੋਂ ਪਹਿਲਾਂ ਗੱਲ ਕਰਕੇ ਮੋਰਚੇ ਦੀਆਂ ਮੰਗਾਂ ਦਾ ਹੱਲ ਕਰੇ। ਉਹਨਾਂ ਕਿਹਾ ਅਗਰ ਸਰਕਾਰ ਕਿਸੇ ਤਰ੍ਹਾਂ ਦਾ ਜ਼ਬਰ ਕਰਦੀ ਹੈ ਤਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇਗਾ। ਉਹਨਾਂ ਕਿਹਾ 26 ਨਵੰਬਰ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾਣ ਦੇ ਪ੍ਰੋਗਰਾਮ ਲਾਗੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਰਸਤੇ ਖੋਲ੍ਹੇ ਜਾਣ, ਉਹਨਾਂ ਇੱਕ ਵਾਰ ਫਿਰ ਤੋਂ ਸਾਫ ਕੀਤਾ ਕਿ ਰਸਤੇ ਸਰਕਾਰ ਦੁਆਰਾ ਬੰਦ ਕੀਤੇ ਗਏ ਹਨ ਕਿਸਾਨਾਂ ਵੱਲੋਂ ਨਹੀਂ। ਇਸ ਮੌਕੇ ਦੋਨਾਂ ਫੋਰਮਾਂ ਤੋਂ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਸੁਖਜੀਤ ਸਿੰਘ ਹਰਦੋਝੰਡੇ, ਇੰਦਰਜੀਤ ਸਿੰਘ ਕੋਟਬੁਢਾ, ਤੇਜ਼ਵੀਰ ਸਿੰਘ ਪੰਜੋਖਰਾ ਸਾਬ੍ਹ, ਗੁਰਅਮਨੀਤ ਸਿੰਘ ਮਾਂਗਟ, ਬਚਿਤ੍ਰ ਸਿੰਘ ਕੋਟਲਾ, ਦਿਲਬਾਗ ਸਿੰਘ ਗਿੱਲ, ਅਸ਼ੋਕ ਬੁਲਾਰਾ, ਬਲਵੰਤ ਸਿੰਘ ਬਹਿਰਾਮਕੇ, ਸੁਖਚੈਨ ਸਿੰਘ ਹਰਿਆਣਾ, ਲਖਵਿੰਦਰ ਸਿੰਘ ਅਤੇ ਕੰਵਰਦਲੀਪ ਸੈਦੋਲੇਹਲ ਹਾਜ਼ਿਰ ਰਹੇ।