ਅੰਮ੍ਰਿਤਸਰ ‘ਚ ਹੋਈ ਕਿਸਾਨ ਰੈਲੀ- 3 ਨੂੰ ਸ਼ੰਭੂ ਤੇ 6 ਨੂੰ ਦਿੱਲੀ ਕੂਚ ਦੀਆਂ ਤਿਆਰੀਆਂ

ਖ਼ਬਰ ਸ਼ੇਅਰ ਕਰੋ
035606
Total views : 131852

ਅੰਮ੍ਰਿਤਸਰ, 28 ਨਵੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੁਜਾਲਾ ਵਿੱਚ 3 ਦਸੰਬਰ ਨੂੰ ਸ਼ੰਭੂ ਬਾਰਡਰ ਮੋਰਚੇ ਅਤੇ 6 ਤਰੀਕ ਦੇ ਦਿੱਲੀ ਕੂਚ ਦੇ ਐਲਾਨ ਦੇ ਚਲਦੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੀ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨ ਮਜਦੂਰ ਅੰਦੋਲਨ ਦੀਆਂ ਮਨੀਆਂ ਹੋਈਆਂ ਮੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਭ ਹਥਕੰਡੇ ਵਰਤ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਦੇ ਇੱਕਠ ਨੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਅੰਦੋਲਨ ਦੀਆਂ ਮੰਗਾਂ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਇਸ ਤਰ੍ਹਾਂ ਮੋਰਚੇ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਨਾਲ ਲੋਕਾਂ ਦੇ ਹੌਂਸਲੇ ਨਹੀਂ ਟੁੱਟਣ ਵਾਲੇ ਸਗੋਂ ਇਹ ਹੋਰ ਵੀ ਬੁਲੰਦ ਹੋਣਗੇ। ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਅੰਦੋਲਨ ਦੀ ਬਿਜਲੀ ਵਿਭਾਗ ਨਾਲ ਸਬੰਧਤ ਅਹਿਮ ਮੰਗ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਪ੍ਰੀਪੇਡ ਮੀਟਰ ਲਗਾ ਕੇ ਵਿਭਾਗ ਦਾ ਪੂਰਨ ਨਿੱਜੀਕਰਨ ਵੱਲ ਵਧ ਰਹੀ ਹੈ। ਇਸ ਮੌਕੇ ਆਗੂਆਂ ਵੱਲੋਂ ਕਿਹਾ ਗਿਆ 6 ਦਸੰਬਰ ਨੂੰ ਦਿੱਲੀ ਕੂਚ ਵੇਲੇ ਸੀਨੀਅਰ ਆਗੂ ਜਥੇ ਨੂੰ ਲੀਡ ਕਰਨਗੇ। ਉਹਨਾਂ ਕਿਹਾ ਕਿ ਅੱਜ ਸ਼ੰਭੂ ਬਾਰਡਰ ਤੇ ਸਰਕਾਰ ਵੱਲੋਂ ਰਸਤਾ ਖੋਲ੍ਹੇ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜ਼ੋ ਕਿ ਸਰਾਸਰ ਝੂਠ ਹੈ। ਉਹਨਾਂ ਵੱਧ ਤੋਂ ਵੱਧ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੂੰ ਸ਼ੰਭੂ ਅਤੇ ਖਨੌਰੀ ਬਾਡਰ ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ, ਰਣਜੀਤ ਸਿੰਘ ਚਾਟੀਵਿੰਡ, ਚਰਨ ਸਿੰਘ ਕਲੇਰ ਘਮਾਣ, ਅਮਰੀਕ ਸਿੰਘ ਜਮਾਲਪੁਰ, ਮੁਖਤਾਰ ਸਿੰਘ ਭੰਗਵਾ, ਅਮਨਿੰਦਰ ਸਿੰਘ ਮਾਲੋਵਾਲ, ਸਵਰਨ ਸਿੰਘ ਉਦੋ ਨੰਗਲ, ਸੁਖਦੇਵ ਸਿੰਘ ਕਾਜੀਕੋਟ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸਵਰਨ ਸਿੰਘ ਕੋਟਲਾ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।