ਡੀ.ਡੀ.ਓਜ਼ ਕਰਮਚਾਰੀਆਂ ਦੇ ਆਮਦਨ ਕਰ ਦੇ ਦਸਤਾਵੇਜਾਂ ਦੀ ਮੁਕੰਮਲ ਜਾਂਚ ਕਰਨ – ਐਡੀਸ਼ਨਲ ਕਮਿਸ਼ਨਰ ਆਮਦਨ ਕਰ

ਖ਼ਬਰ ਸ਼ੇਅਰ ਕਰੋ
048054
Total views : 161400

ਗਲਤ ਤਰੀਕੇ ਨਾਲ ਰਿਫੰਡ ਲੈਣ ਵਾਲੇ ਕਰਮਚਾਰੀਆਂ ਵਿਰੁੱਧ ਹੋਵੇਗੀ ਕਾਰਵਾਈ – ਡਿਪਟੀ ਕਮਿਸ਼ਨਰ ਆਮਦਨ ਕਰ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਮਦਨ ਕਰ ਵਲੋਂ ਕੀਤਾ ਗਿਆ ਸੈਮੀਨਾਰ
ਅੰਮ੍ਰਿਤਸਰ 13 ਫਰਵਰੀ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਆਮਦਨ ਕਰ ਵਿਭਾਗ ਅੰਮ੍ਰਿਤਸਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ.ਡੀ.ਓਜ਼/ਜਿਲ੍ਹਾ ਅਧਿਕਾਰੀਆਂ ਨੂੰ ਆਮਦਨ ਕਰ ਸਬੰਧੀ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਐਡੀਸ਼ਨਲ ਕਮਿਸ਼ਨਰ ਆਮਦਨ ਕਰ ਰੇਂਜ-1 ਸ੍ਰੀ ਮਨਪ੍ਰੀਤ ਸਿੰਘ ਦੁੱਗਲ ਨੇ ਡੀ.ਡੀ.ਓਜ਼/ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਹਰ ਵਿੱਤੀ ਵਰ੍ਹੇ ਦੌਰਾਨ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨੂੰ ਆਮਦਨ ਕਰ ਸਬੰਧੀ 16 ਨੰਬਰ ਫਾਰਮ 31 ਮਈ ਤੱਕ ਮੁਹੱਈਆ ਕਰਵਾਉਣਾ ਜ਼ਰੂਰੀ ਹੁੰਦਾ ਹੈ। ਉਨਾਂ ਕਿਹਾ ਕਿ ਇਸ ਕੰਮ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਫਾਰਮ ਨੰਬਰ 16 ਅਤੇ 26ਏ.ਐਸ. ਦੋਨਾਂ ਫਾਰਮਾਂ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਅਧਿਕਾਰੀਆਂ ਵਲੋਂ ਕਰਮਚਾਰੀਆਂ ਵਲੋਂ ਪੇਸ਼ ਕੀਤੇ ਗਏ ਦਸਤਾਵੇਜਾਂ ਦੀ ਮੁਕੰਮਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਕਈ ਕਰਮਚਾਰੀ ਗਲਤ ਜਾਣਕਾਰੀ ਦੇ ਕੇ ਆਪਣਾ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਸ੍ਰੀ ਦੁੱਗਲ ਨੇ ਕਿਹਾ ਕਿ ਹਰੇਕ ਵਿਭਾਗ ਵਲੋਂ ਕਰਮਚਾਰੀਆਂ ਦੀ ਤਿਮਾਹੀ ਆਮਦਨ ਕਰ ਸਬੰਧੀ ਰਿਪੋਰਟ ਜਮ੍ਹਾ ਕਰਵਾਉਣੀ ਜ਼ਰੂਰੀ ਹੁੰਦੀ ਹੈ। ਉਨਾਂ ਅਧਿਕਾਰੀਆਂ /ਕਰਮਚਾਰੀਆਂ ਨੂੰ ਇਕ ਪੀ.ਪੀ.ਟੀ. ਰਾਹੀਂ ਆਮਦਨ ਕਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਆਮਦਨ ਕਰ ਮੈਡਮ ਗੁਲਜਰੀਨ ਅਖ਼ਤਰ ਨੇ ਕਿਹਾ ਕਿ ਕਈ ਕਰਮਚਾਰੀਆਂ ਵਲੋਂ ਗਲਤ ਤਰੀਕੇ ਨਾਲ ਆਮਦਨ ਕਰ ਸਬੰਧੀ ਰਿਫੰਡ ਲੈ ਲਏ ਜਾਂਦੇ ਹਨ, ਜੋ ਕਿ ਪੂਰੀ ਤਰ੍ਹਾਂ ਗੈਰ ਉਚਿਤ ਹਨ। ਉਨਾਂ ਕਿਹਾ ਕਿ ਗਲਤ ਤਰੀਕੇ ਨਾਲ ਰਿਫੰਡ ਲੈਣ ਵਾਲੇ ਕਰਮਚਾਰੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਵੱਡੀ ਪੱਧਰ ਤੇ ਜ਼ੁਰਮਾਨਾ ਲੱਗ ਸਕਦਾ ਹੈ। ਉਨਾਂ ਕਿਹਾ ਕਿ ਕਈ ਵਾਰ ਕੁਝ ਕਰਮਚਾਰੀ ਗਲਤ ਏਜੰਟਾਂ ਦੇ ਹੱਥਾਂ ਵਿੱਚ ਆ ਕੇ ਆਮਦਨ ਕਰ ਸਬੰਧੀ ਗਲਤ ਜਾਣਕਾਰੀ ਦਿੰਦੇ ਹਨ। ਜਿਸ ਤੇ ਵਿਭਾਗ ਵਲੋਂ ਤਿਰਛੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮਦਨ ਕਰ ਧਾਰਾਵਾਂ ਸਬੰਧੀ ਸਹੀ ਅਤੇ ਮੁਕੰਮਲ ਜਾਣਕਾਰੀ ਹੀ ਦੇਣ ਅਤੇ ਨਿਚਚਿਤ ਮਿਤੀ ਤੋਂ ਪਹਿਲਾਂ ਪਹਿਲਾਂ ਆਪਣੇ ਆਮਦਨ ਕਰ ਸਬੰਧੀ ਸਟੇਟਮੈਂਟ ਫਾਈਲ ਕਰਨ। ਇਸ ਮੌਕੇ ਕਈ ਅਧਿਕਾਰੀਆਂ ਵਲੋਂ ਕੁਝ ਸ਼ੰਕਾਵਾਂ ਸਬੰਧੀ ਆਮਦਨ ਕਰ ਅਧਿਕਾਰੀਆਂ ਵਲੋਂ ਜਾਣਕਾਰੀ ਵੀ ਲੲ ਗਈ ਅਤੇ ਮੌਕੇ ਤੇ ਹੀ ਉਨਾਂ ਦੀਆਂ ਸ਼ੰਕਾਵਾ ਨੂੰ ਦੂਰ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਗੁਰਸਿਮਰਨ ਕੌਰ ਸਹਾਇਕ ਕਮਿਸ਼ਨਰ ਜਨਰਲ, ਸ੍ਰੀ ਇੰਦਰਪਾਲ ਸਿੰਘ ਸੀਨੀਅਰ ਕਮਾਂਡੈਂਟ ਸੀ.ਆਈ.ਐਸ.ਐਫ., ਮੈਡਮ ਰਾਜਵਿੰਦਰ ਕੌਰ ਤਹਿਸੀਲਦਾਰ, ਜਸਬੀਰ ਸਿੰਘ ਸੰਧੂ ਨਾਇਬ ਤਹਿਸੀਲਦਾਰ ਮਜੀਠਾ, ਸ: ਅਮਰਜੀਤ ਸਿੰਘ ਤਹਿਸੀਲਦਾਰ ਲੋਪੋਕੇ, ਹਰਦੇਵ ਸਿੰਘ ਸਹਾਇਕ ਡਾਇਕਟਰ ਮੱਛੀ ਪਾਲਣ, ਮੈਡਮ ਮੀਨਾ ਦੇਵੀ ਸ.ਡੀ.ਪੀ.ਓ., ਸ: ਇੰਦਰਜੀਤ ਸਿੰਘ ਇਲੈਕਸ਼ਨ ਤਹਿਸੀਲਦਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।